ਮੋਹਲੇਧਾਰ ਮੀਂਹ ਦਾ ਕਹਿਰ, 3 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ

Saturday, Dec 14, 2024 - 10:21 AM (IST)

ਮੋਹਲੇਧਾਰ ਮੀਂਹ ਦਾ ਕਹਿਰ, 3 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ

ਚੇਨਈ- ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਨੇ ਸ਼ਨੀਵਾਰ ਲਈ ਤਾਮਿਲਨਾਡੂ ਦੇ ਤੇਨਕਾਸੀ, ਥੂਥੁਕੁਡੀ ਅਤੇ ਤਿਰੂਨੇਲਵੇਲੀ ਜ਼ਿਲ੍ਹਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਸੂਬੇ ਦੇ 11 ਹੋਰ ਜ਼ਿਲ੍ਹਿਆਂ ਲਈ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸ਼ਨੀਵਾਰ ਨੂੰ ਚੇਨਈ ਸ਼ਹਿਰ ਅਤੇ ਉਸ ਦੇ ਉਪ ਨਗਰਾਂ ਦੇ ਕੁਝ ਖੇਤਰਾਂ ਵਿਚ ਤੂਫ਼ਾਨ ਅਤੇ ਬਿਜਲੀ ਚਮਕਣ ਦੇ ਨਾਲ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਬੱਦਲਵਾਈ ਰਹਿ ਸਕਦੀ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 30-31°C ਅਤੇ 24-25°C ਰਹਿਣ ਦਾ ਅਨੁਮਾਨ ਹੈ। ਤਾਮਿਲਨਾਡੂ ਦੇ ਤੱਟਵਰਤੀ ਅਤੇ ਡੈਲਟਾ ਖੇਤਰਾਂ ਵਿਚ 16 ਦਸੰਬਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਨੇ ਦੋ ਦਿਨਾਂ 'ਚ ਇਕ ਹੋਰ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਵੀ ਭਵਿੱਖਬਾਣੀ ਕੀਤੀ ਹੈ, ਜਿਸ ਨਾਲ ਤੇਜ਼ ਮੀਂਹ ਪੈ ਸਕਦਾ ਹੈ। ਤਾਮਿਲਨਾਡੂ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਸ਼ਾਮ ਤੱਕ ਮੀਂਹ ਪਿਆ। ਵਿਰੁਧੁਨਗਰ ਵਿਚ 12 ਸੈਂਟੀਮੀਟਰ ਅਤੇ ਥੂਥੁਕੁਡੀ ਵਿਚ ਸ਼ਾਮ 5:30 ਵਜੇ ਤੱਕ 10 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ।

ਤਾਮਿਲਨਾਡੂ ਸਰਕਾਰ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਤੜਕੇ ਮੀਂਹ ਨਾਲ 5 ਮੌਤਾਂ ਦੀ ਰਿਪੋਰਟ ਕੀਤੀ। ਅਰਿਆਲੁਰ ਅਤੇ ਰਾਮਨਾਥਪੁਰਮ ਜ਼ਿਲ੍ਹਿਆਂ ਵਿਚ ਕੰਧ ਡਿੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸ਼ਿਵਗੰਗਾ ਅਤੇ ਰਾਨੀਪੇਟ ਜ਼ਿਲ੍ਹਿਆਂ ਵਿਚ ਦੋ ਹੋਰ ਲੋਕ ਬਿਜਲੀ ਦੀ ਲਪੇਟ ਵਿਚ ਆ ਗਏ। ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਵਿਚ 2,000 ਤੋਂ ਵੱਧ ਲੋਕਾਂ ਨੂੰ 50 ਰਾਹਤ ਕੈਂਪਾਂ ਵਿਚ ਤਬਦੀਲ ਕੀਤਾ ਗਿਆ ਹੈ।


author

Tanu

Content Editor

Related News