ਹਿਮਾਚਲ ’ਚ ਭਾਰੀ ਮੀਂਹ, 285 ਸੜਕਾਂ ਬੰਦ, 39 ਮੌਤਾਂ
Monday, Jun 30, 2025 - 11:49 PM (IST)

ਸ਼ਿਮਲਾ-ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੇ ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹਿਮਾਚਲ ’ਚ 20 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 29 ਜੂਨ ਦੀ ਸ਼ਾਮ ਤੱਕ 39 ਲੋਕਾਂ ਦੀ ਮੌਤ ਹੋ ਚੁੱਕੀ ਹੈ। 4 ਲੋਕ ਲਾਪਤਾ ਹਨ, ਜਦਕਿ 81 ਲੋਕ ਜ਼ਖਮੀ ਹਨ। ਇਸ ’ਚ ਸੱਪ ਦੇ ਡੰਗਣ, ਡੁੱਬਣ, ਸੜਕ ਹਾਦਸਿਆਂ ਤੋਂ ਇਲਾਵਾ ਪਾਣੀ ’ਚ ਰੁੜ੍ਹੇ ਲੋਕਾਂ ਦੇ ਅੰਕੜੇ ਸ਼ਾਮਲ ਹਨ। ਮਾਨਸੂਨ ਕਾਰਨ 20 ਲੋਕਾਂ ਦੀ ਮੌਤ ਹੋਈ ਹੈ, ਜਦਕਿ 19 ਲੋਕਾਂ ਦੀ ਮੌਤ ਵੱਖ-ਵੱਖ ਹਾਦਸਿਆਂ ’ਚ ਹੋਈ ਹੈ। ਭਾਰੀ ਮੀਂਹ ਕਾਰਨ ਸੂਬੇ ’ਚ 20 ਤੋਂ 29 ਜੂਨ ਤੱਕ 7,540.09 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਨੂੰ 3472.7 ਲੱਖ, ਜਦਕਿ ਜਲ ਸ਼ਕਤੀ ਵਿਭਾਗ ਨੂੰ 3856.56 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। 8 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ 13 ਨੂੰ ਨੁਕਸਾਨ ਪਹੁੰਚਿਆ ਹੈ। 8 ਦੁਕਾਨਾਂ ਅਤੇ 12 ਗਊਸ਼ਾਲਾਵਾਂ ਵੀ ਰੁੜ੍ਹ ਗਈਆਂ, ਜਿਨ੍ਹਾਂ ’ਚ 40 ਪਸ਼ੂ ਤੇ ਪੰਛੀ ਸਨ। ਸੂਬੇ ਭਰ ’ਚ 129 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ 612 ਬਿਜਲੀ ਟ੍ਰਾਂਸਫਾਰਮਰ ਅਤੇ 100 ਪੀਣ ਵਾਲੇ ਪਾਣੀ ਦੀਆਂ ਸਕੀਮਾਂ ਪ੍ਰਭਾਵਿਤ ਹੋਈਆਂ ਹਨ।
ਚੰਡੀਗੜ੍ਹ , ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਮੀਂਹ
ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ’ਚ ਸੋਮਵਾਰ ਨੂੰ ਮੀਂਹ ਪਿਆ। ਸਥਾਨਕ ਮੌਸਮ ਵਿਭਾਗ ਦੇ ਅਨੁਸਾਰ ਚੰਡੀਗੜ੍ਹ ’ਚ ਸੋਮਵਾਰ ਸਵੇਰੇ 8.30 ਵਜੇ ਤੱਕ ਪਿਛਲੇ 24 ਘੰਟਿਆਂ ’ਚ 70.5 ਮਿਲੀਮੀਟਰ ਮੀਂਹ ਪਿਆ। ਮੀਂਹ ਕਾਰਨ ਸੈਕਟਰ 47-48 ਟ੍ਰੈਫਿਕ ਸਿਗਨਲ ਪੁਆਇੰਟ ਨੇੜੇ ਸੜਕ ਦਾ ਇਕ ਹਿੱਸਾ ਧੱਸ ਗਿਆ, ਜਿਸ ਕਾਰਨ ਇਕ ਮੋਟਰਸਾਈਕਲ ਸਵਾਰ ਵਾਲ-ਵਾਲ ਬਚ ਗਿਆ। ਹਰਿਆਣਾ ਦੇ ਯਮੁਨਾਨਗਰ, ਹਿਸਾਰ, ਅੰਬਾਲਾ, ਰੋਹਤਕ, ਭਿਵਾਨੀ, ਸਿਰਸਾ, ਪੰਚਕੂਲਾ ਅਤੇ ਕਰਨਾਲ ’ਚ ਮੀਂਹ ਪਿਆ। ਯਮੁਨਾਨਗਰ ਜ਼ਿਲੇ ’ਚ ਇਕ ਕਿਸਾਨ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਉਸ ਦੇ ਖੇਤ ਪਾਣੀ ’ਚ ਡੁੱਬ ਗਏ। ਪੰਜਾਬ ਦੇ ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਮੋਹਾਲੀ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸਮੇਤ ਕਈ ਥਾਵਾਂ ’ਤੇ ਮੀਂਹ ਪਿਆ।