ਹਿਮਾਚਲ ''ਚ ਆਈ ਤਬਾਹੀ; 3 ਲੋਕਾਂ ਦੀ ਮੌਤ, CM ਨੇ ਸੈਲਾਨੀਆਂ ਨੂੰ ਕੀਤੀ ਖ਼ਾਸ ਅਪੀਲ
Thursday, Jun 26, 2025 - 06:18 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਕਾਂਗੜਾ ਜ਼ਿਲ੍ਹੇ ਵਿਚ ਬੱਦਲ ਫਟਣ ਕਾਰਨ ਅਚਾਨਕ ਆਏ ਹੜ੍ਹ 'ਚ 3 ਲੋਕਾਂ ਦੀ ਮੌਤ ਹੋ ਗਈ। ਸੂਬੇ ਵਿਚ ਤਿੰਨ ਥਾਵਾਂ 'ਤੇ ਬੱਦਲ ਫਟਣ ਅਤੇ 9 ਥਾਵਾਂ 'ਤੇ ਅਚਾਨਕ ਹੜ੍ਹ ਆ ਗਿਆ। ਇਨ੍ਹਾਂ ਘਟਨਾਵਾਂ ਵਿਚ 3 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਕੁੱਲੂ ਵਿਚ ਬੱਦਲ ਫਟਣ ਕਾਰਨ ਆਏ ਹੜ੍ਹ ਮਗਰੋਂ 8 ਲੋਕ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੈਲਾਨੀਆਂ ਨੂੰ ਹਿਮਾਚਲ ਪ੍ਰਦੇਸ਼ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਮਾਨਸੂਨ ਦੌਰਾਨ ਸੂਬੇ ਵਿਚ ਸੈਲਾਨੀ ਆ ਸਕਦੇ ਹਨ ਪਰ ਕ੍ਰਿਪਾ ਕਰ ਕੇ ਨਦੀਆਂ-ਨਾਲਿਆਂ ਕੋਲ ਨਾ ਜਾਓ। ਮੁੱਖ ਮੰਤਰੀ ਨੇ ਦੱਸਿਆ ਕਿ ਨਦੀ ਅਤੇ ਨਾਲਿਆਂ ਕੋਲ ਵੱਸੇ ਪਿੰਡਾਂ ਵਿਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਤੱਕ 15 ਮਕਾਨਾਂ ਦੇ ਨੁਕਸਾਨ ਹੋਣ ਦੀ ਸੂਚਨਾ ਹੈ।
ਦੱਸ ਦੇਈਏ ਕਿ ਕੁੱਲੂ ਦੇ ਸੈਂਜ ਵਿਚ ਜੀਵਾ ਨਾਲਾ, ਰੇਹਲਾ ਬਿਹਾਲ ਅਤੇ ਗੜਸਾ ਖੇਤਰ ਦੇ ਸ਼ਿਲਾਗੜ੍ਹ ਵਿਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ। ਓਧਰ ਕੁੱਲੂ ਦੇ ਵਧੀਕ ਜ਼ਿਲ੍ਹਾ ਕਮਿਸ਼ਨਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਜ਼ਿਲ੍ਹੇ ਦੇ ਮਨਾਲੀ ਅਤੇ ਬੰਜਾਰ ਵਿਚ ਵੀ ਅਚਾਨਕ ਹੜ੍ਹ ਆ ਗਿਆ। ਟੀਮ ਮੌਕੇ 'ਤੇ ਮੌਜੂਦ ਹੈ ਅਤੇ ਖੋਜ ਕਾਰਜ ਜਾਰੀ ਹੈ। ਮਣੀਕਰਨ ਘਾਟੀ ਵਿਚ ਬ੍ਰਹਮਾ ਗੰਗਾ ਨਾਲੇ ਵਿਚ ਵੀ ਅਚਾਨਕ ਹੜ੍ਹ ਆਉਣ ਦੀ ਰਿਪੋਰਟ ਮਿਲੀ ਹੈ। ਪਾਣੀ ਦਾ ਪੱਧਰ ਕਈ ਘਰਾਂ ਤੱਕ ਪਹੁੰਚ ਗਿਆ ਹੈ ਅਤੇ ਜੇਕਰ ਇਹ ਜਲਦੀ ਘੱਟ ਨਾ ਹੋਇਆ ਤਾਂ ਇਸ ਨਾਲ ਨੁਕਸਾਨ ਹੋ ਸਕਦਾ ਹੈ।