ਹਿਮਾਚਲ ''ਚ ਭਾਰੀ ਮੀਂਹ ਦੀ ਚਿਤਾਵਨੀ ਕਾਰਣ ਹਵਾਈ ਉਡਾਣਾਂ ਪ੍ਰਭਾਵਿਤ

02/27/2020 11:56:54 PM

ਸ਼ਿਮਲਾ— ਹਿਮਾਚਲ ਪ੍ਰਦੇਸ਼ 'ਚ ਅਗਲੇ 2 ਦਿਨਾਂ ਦੌਰਾਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਕਾਰਣ ਹਵਾਈ ਉਡਾਣਾਂ ਪ੍ਰਭਾਵਿਤ ਰਹੀਆਂ। ਮੌਸਮ ਵਿਭਾਗ ਨੇ ਸੂਬੇ ਵਿਚ ਸ਼ੁੱਕਰਵਾਰ ਤੋਂ ਅਗਲੇ 48 ਘੰਟਿਆਂ 'ਚ ਭਾਰੀ ਮੀਂਹ ਅਤੇ ਗੜੇ ਪੈਣ ਦੀ ਚਿਤਾਵਨੀ ਦਿੱਤੀ ਹੈ। ਲਾਹੌਲ-ਸਪਿਤੀ ਅਤੇ ਕਿਨੌਰ ਜ਼ਿਲਿਆਂ ਨੂੰ ਛੱਡ ਕੇ ਬਾਕੀ 10 ਜ਼ਿਲਿਆਂ 'ਚ ਭਾਰੀ ਮੀਂਹ ਅਤੇ ਗੜੇ ਪੈਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਖਰਾਬ ਮੌਸਮ ਕਾਰਣ ਕਾਂਗੜਾ ਹਵਾਈ ਅੱਡੇ 'ਤੇ ਜਹਾਜ਼ ਲੈਂਡ ਨਹੀਂ ਕਰ ਸਕੇ। ਦਿੱਲੀ ਤੋਂ ਆਏ ਸਪਾਈਸ ਜੈੱਟ ਅਤੇ ਏਅਰ ਇੰਡੀਆ ਦੇ ਜਹਾਜ਼ ਲਗਭਗ ਅੱਧਾ ਘੰਟਾ ਆਸਮਾਨ ਵਿਚ ਹੀ ਚੱਕਰ ਕੱਟ ਕੇ ਪਰਤ ਗਏ। ਏਅਰਪੋਰਟ ਦੇ ਨਿਰਦੇਸ਼ਕ ਕਿਸ਼ੋਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਪਾਈਸ ਜੈੱਟ ਦਾ ਜਹਾਜ਼ ਗਗਲ ਦੀ ਬਜਾਏ ਦੇਹਰਾਦੂਨ ਵੱਲ ਚਲਾ ਗਿਆ ਅਤੇ ਉਸ ਨੇ ਦੇਹਰਾਦੂਨ ਲੈਂਡਿੰਗ ਕੀਤੀ, ਜਦਕਿ ਏਅਰ ਇੰਡੀਆ ਦਾ ਜਹਾਜ਼ ਦਿੱਲੀ ਤੋਂ ਆਇਆ ਅਤੇ ਦਿੱਲੀ ਨੂੰ ਹੀ ਵਾਪਸ ਚਲਾ ਗਿਆ। ਸਪਾਈਸ ਜੈੱਟ ਜਹਾਜ਼ 'ਚ ਲਗਭਗ 79 ਅਤੇ ਏਅਰ ਇੰਡੀਆ ਦੇ ਜਹਾਜ਼ 'ਚ 45 ਯਾਤਰੀ ਸਵਾਰ ਸਨ।


KamalJeet Singh

Content Editor

Related News