ਮੋਹਲੇਧਾਰ ਮੀਂਹ: IMD ਨੇ 5 ਜ਼ਿਲ੍ਹਿਆਂ ''ਚ ''ਆਰੇਂਜ ਅਲਰਟ'' ਜਾਰੀ
Friday, Oct 25, 2024 - 12:49 PM (IST)
ਤਿਰੂਵਨੰਤਪੁਰਮ- ਕੇਰਲ ਦੇ ਕਈ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਮੋਹਲੇਧਾਰ ਮੀਂਹ ਪਿਆ, ਜਿਸ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਆਵਾਜਾਈ ਜਾਮ ਹੋਣ ਨਾਲ ਆਮ ਜਨ-ਜੀਵਨ ਪ੍ਰਭਾਵਿਤ ਹੋਇਆ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਸੂਬੇ ਦੇ 5 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ। IMD ਨੇ ਤਿਰੂਵਨੰਤਪੁਰਮ, ਕੋਟਾਯਮ, ਏਰਨਾਕੁਲਮ, ਇੱਡੁਕੀ ਅਤੇ ਤ੍ਰਿਸ਼ੂਲ ਜ਼ਿਲ੍ਹਿਆਂ ਵਿਚ ਦਿਨ ਦੇ ਸਮੇਂ ਲਈ ਆਰੇਂਜ ਅਲਰਟ ਜਾਰੀ ਕੀਤਾ। ਨਾਲ ਹੀ ਸੂਬੇ ਦੇ 7 ਹੋਰ ਜ਼ਿਲ੍ਹਿਆਂ ਵਿਚ ਯੈਲੋ ਅਲਰਟ ਵੀ ਜਾਰੀ ਕੀਤਾ।
ਆਰੇਂਜ ਅਲਰਟ ਦਾ ਮਤਲਬ ਹੁੰਦਾ ਹੈ ਬਹੁਤ ਭਾਰੀ ਮੀਂਹ (6 ਸੈਂਟੀਮੀਟਰ ਤੋਂ 20 ਸੈਂਟੀਮੀਟਰ) ਅਤੇ ਯੈਲੋ ਅਲਰਟ ਦਾ ਮਤਲਬ ਹੈ 6 ਤੋਂ 11 ਸੈਂਟੀਮੀਟਰ ਦਰਮਿਆਨ ਭਾਰੀ ਮੀਂਹ। IMD ਨੇ ਤਿਰੂਵਨੰਤਪੁਰਮ ਅਤੇ ਕੋਲਮ ਜ਼ਿਲ੍ਹਿਆਂ ਵਿਚ ਇਕ ਜਾਂ ਦੋ ਥਾਵਾਂ 'ਤੇ ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਨਾਲ ਤੂਫ਼ਾਨ ਦਾ ਵੀ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਨੇ ਪਥਨਮਥਿੱਟਾ ਅਤੇ ਅਲਪੁੱਝਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿਚ ਮੱਧ ਮੀਂਹ ਪੈਣ ਅਤੇ ਤੇਜ਼ ਹਵਾਵਾਂ ਅਤੇ ਗਰਜ ਨਾਲ ਤੂਫ਼ਾਨ ਆਉਣ ਦਾ ਵੀ ਅਨੁਮਾਨ ਜਤਾਇਆ ਹੈ।