ਮੋਹਲੇਧਾਰ ਮੀਂਹ ਦਾ ਅਸਰ, ਚੀਨ ਨਾਲ ਲੱਗਦੀਆਂ 4 ਸੜਕਾਂ ਬੰਦ
Saturday, Mar 01, 2025 - 02:58 PM (IST)

ਨੈਨੀਤਾਲ- ਉੱਤਰਾਖੰਡ 'ਚ ਦੋ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਦਾ ਅਸਰ ਪਿਥੌਰਾਗੜ੍ਹ ਦੀ ਚੀਨ ਸਰਹੱਦ ਨੂੰ ਜੋੜਨ ਵਾਲੀਆਂ ਸੜਕਾਂ 'ਤੇ ਪਿਆ ਹੈ। ਮਲਬਾ ਆਉਣ ਨਾਲ ਸਰਹੱਦ ਨਾਲ ਲੱਗਦੀਆਂ 4 ਸੜਕਾਂ ਬੰਦ ਹੋ ਗਈਆਂ ਹਨ। ਖ਼ਾਸ ਗੱਲ ਇਹ ਹੈ ਕਿ ਚੀਨ ਸਰਹੱਦ ਨੂੰ ਜੋੜਨ ਵਾਲੀ ਰਣਨੀਤਕ ਦ੍ਰਿਸ਼ਟੀਕੋਣ ਤੋਂ ਮੁੱਖ ਗੁੰਜੀ-ਕਾਲਾਪਾਣੀ-ਨਬੀਢਾਂਗ ਸੜਕ ਖੁੱਲ੍ਹੀ ਹੈ। ਪ੍ਰਸ਼ਾਸਨ ਵੱਲੋਂ ਸੜਕਾਂ ਨੂੰ ਖੋਲ੍ਹਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਕਾਰਨ ਆਵਾਜਾਈ ਠੱਪ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਬੰਦ ਕੀਤੀਆਂ ਸੜਕਾਂ 'ਚ ਤਵਾਘਾਟ-ਸੋਬਲਾ, ਸੋਬਲਾ - ਦਰ-ਨਾਗਲਿੰਗ-ਦੁਗਟੂ-ਧਾਕਰ, ਤਵਾਘਾਟ-ਪਾਂਗਲਾ-ਛਿਆਲੇਖ-ਗੁੰਜੀ ਅਤੇ ਗੁੰਜੀ-ਜੌਲੀਨਕਾਂਗ ਸ਼ਾਮਲ ਹਨ।
ਇਨ੍ਹਾਂ 'ਚੋਂ ਤਿੰਨ ਸੜਕਾਂ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਦੀ ਹੈ। ਸੋਬਲਾ-ਦਰ-ਨਾਗਲਿੰਗ-ਦੁਗਟੂ-ਧਾਕਰ ਕੁਝ ਥਾਵਾਂ 'ਤੇ ਮਲਬੇ ਕਾਰਨ ਬੰਦ ਹੈ ਜਦਕਿ ਬਾਕੀ ਦੇ ਵੱਡੇ ਹਿੱਸੇ ਚਾਰ ਫੁੱਟ ਬਰਫ ਨਾਲ ਢੱਕੇ ਹੋਏ ਹਨ। ਇਸ ਤੋਂ ਇਲਾਵਾ ਗੁੰਜੀ-ਕਾਲਾਪਾਣੀ-ਨਬੀਧਾਂਢ ਸੜਕ ਪੂਰੀ ਤਰ੍ਹਾਂ ਖੁੱਲ੍ਹੀ ਦੱਸੀ ਜਾਂਦੀ ਹੈ। ਪ੍ਰਸ਼ਾਸਨ ਮੁਤਾਬਕ ਸਾਰੀਆਂ ਬੰਦ ਪਈਆਂ ਸੜਕਾਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸ਼ਾਮ ਜਾਂ ਐਤਵਾਰ ਤੱਕ ਸਾਰੀਆਂ ਸੜਕਾਂ 'ਤੇ ਆਵਾਜਾਈ ਚੱਲਣ ਲੱਗ ਪਵੇਗੀ। ਪਿਥੌਰਾਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਸਾਰੀਆਂ ਤਹਿਸੀਲਾਂ ਵਿਚ ਭਾਰੀ ਮੀਂਹ ਦਰਜ ਕੀਤਾ ਗਿਆ ਹੈ। ਫਿਲਹਾਲ ਨੁਕਸਾਨ ਦੀ ਕੋਈ ਜਾਣਕਾਰੀ ਨਹੀਂ ਹੈ।