ਹਿਮਾਚਲ ਅਤੇ ਜੰਮੂ-ਕਸ਼ਮੀਰ ’ਚ ਮੀਂਹ-ਤੂਫਾਨ ਨਾਲ ਭਾਰੀ ਤਬਾਹੀ

Friday, May 26, 2023 - 03:04 PM (IST)

ਹਿਮਾਚਲ ਅਤੇ ਜੰਮੂ-ਕਸ਼ਮੀਰ ’ਚ ਮੀਂਹ-ਤੂਫਾਨ ਨਾਲ ਭਾਰੀ ਤਬਾਹੀ

ਸ਼ਿਮਲਾ/ਕਿਸ਼ਤਵਾੜ, (ਸੰਤੋਸ਼, ਅਜੇ)- ਮੀਂਹ ਅਤੇ ਤੂਫਾਨ ਨੇ ਹਿਮਾਚਲ ਦੇ ਊਨਾ ਅਤੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਭਾਰੀ ਤਬਾਹੀ ਮਚਾਈ। ਊਨਾ ਜ਼ਿਲੇ ਦੇ ਹਰੋਲੀ ’ਚ ਤੂਫਾਨ ਕਾਰਨ ਦਰੱਖਤ ਬਾਈਕ ’ਤੇ ਆ ਡਿੱਗਿਆ, ਜਿਸ ਨਾਲ 3 ਬਾਈਕ ਸਵਾਰਾਂ ’ਚੋਂ ਇਕ ਦੀ ਮੌਤ ਅਤੇ 2 ਜ਼ਖ਼ਮੀ ਹੋ ਗਏ। ਕਿਸ਼ਤਵਾੜ ਜ਼ਿਲੇ ਦੇ ਕੇਸ਼ਵਾਨ ਖੇਤਰ ’ਚ ਬੀਤੀ ਰਾਤ ਤੂਫਾਨੀ ਮੀਂਹ ਦੌਰਾਨ ਇਕ ਦਰੱਖਤ ਭੇਡ-ਬੱਕਰੀਆਂ ਚਾਰਨ ਵਾਲੇ ਪਰਿਵਾਰ ਦੇ ਤੰਬੂ ’ਤੇ ਡਿੱਗਣ ਨਾਲ ਉਸ ’ਚ ਸੌਂ ਰਹੇ 4 ਲੋਕਾਂ ਦੀ ਮੌਤ ਹੋ ਗਈ।

ਹਿਮਾਚਲ ’ਚ ਪਿਛਲੇ 3 ਦਿਨਾਂ ਤੋਂ ਮੌਸਮ ਦੇ ਕਰਵਟ ਲੈਣ ਕਾਰਨ ਨਾ ਸਿਰਫ ਠੰਡ ਵਧੀ ਹੈ , ਸਗੋਂ ਮੀਂਹ ਅਤੇ ਗੜੇਮਾਰੀ ਨਾਲ ਤੇਜ਼ ਹਵਾਵਾਂ ਦੇ ਚੱਲਣ ਨਾਲ ਨੁਕਸਾਨ ਵੀ ਹੋਇਆ ਹੈ। ਵੀਰਵਾਰ ਨੂੰ ਓਰੇਂਜ ਅਲਰਟ ਦਰਮਿਆਨ ਰਾਜਧਾਨੀ ਸਮੇਤ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਜੰਮ ਕੇ ਮੀਂਹ ਪਿਆ। ਕਈ ਥਾਵਾਂ ’ਤੇ ਢਿੱਗਾਂ ਡਿੱਗੀਆਂ ਅਤੇ ਕਈ ਥਾਵਾਂ ’ਤੇ ਸੜਕਾਂ ਵੀ ਜਾਮ ਹੋ ਗਈਆਂ, ਜਿਸ ’ਚ ਮੁੱਖ ਰੂਪ ’ਚ ਸ਼ਿਮਲਾ-ਠਿਓਗ-ਰਾਮਪੁਰ ਹਾਈਵੇ ਠੋਓਗ ਦਾ ਦੱਰਾ ਬੰਦ ਹੋ ਗਿਆ। ਕੁਝ ਦਿਨ ਪਹਿਲਾਂ ਮੌਸਮ ਸਾਫ਼ ਰਹਿਣ ਕਾਰਨ ਪਹਾੜਾਂ ’ਤੇ ਡਿੱਗੀ ਬਰਫ ਤੇਜ਼ੀ ਨਾਲ ਪਿਘਲੀ ਅਤੇ ਪੰਡੋਹ ਅਤੇ ਲਾਰਜੀ ਡੈਮ ਦੇ ਜਲ ਪੱਧਰ ਵਿਚ ਵਾਧਾ ਹੋ ਗਿਆ। ਇਸ ਦੇ ਮੱਦੇਨਜ਼ਰ ਪੰਡੋਹ ਅਤੇ ਲਾਰਜੀ ਡੈਮ ਤੋਂ ਪਾਣੀ ਛੱਡਿਆ ਗਿਆ ਹੈ।

ਓਧਰ ਕਠੂਆ ਦੇ ਬਰਵਾਲ ਘਾਟੀ ਤੋਂ ਆਪਣੀਆਂ ਭੇਡ-ਬੱਕਰੀਆਂ ਸਮੇਤ ਕਿਸ਼ਤਵਾੜ ਦੇ ਦੱਛਨ ਲਈ ਨਿਕਲੇ ਬੱਕਰਵਾਲਾਂ ਦੇ ਝੁੰਡ ਨੇ ਮੀਂਹ ਦਰਮਿਆਨ ਬਾਲਨਾ ਕੇਸ਼ਵਾਨ ਦੇ ਜੰਗਲਾਂ ’ਚ ਆਪਣਾ ਡੇਰਾ ਲਾਇਆ ਹੋਇਆ ਸੀ। ਇਸ ਦੌਰਾਨ ਰਾਤ ਦੇ ਕਰੀਬ 3 ਵਜੇ ਅਚਾਨਕ ਇਕ ਵੱਡਾ ਦਰੱਖਤ ਉਨ੍ਹਾਂ ਦੇ ਤੰਬੂ ’ਤੇ ਡਿੱਗ ਗਿਆ, ਜਿਸਦੀ ਲਪੇਟ ’ਚ 4 ਲੋਕ ਅਤੇ ਕੁਝ ਭੇਡ-ਬੱਕਰੀਆਂ ਆ ਗਈਆਂ। ਸਥਾਨਕ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਸਾਰਿਆਂ ਨੂੰ ਦਰੱਖਤ ਦੇ ਹੇਠੋਂ ਕੱਢਿਆ ਗਿਆ ਪਰ ਉਦੋਂ ਤੱਕ 3 ਔਰਤਾਂ ਸਮੇਤ 4 ਲੋਕਾਂ ਦੀ ਮੌਤ ਹੋ ਚੁੱਕੀ ਸੀ। ਮਰਨ ਵਾਲਿਆਂ ਦੀ ਪਛਾਣ ਨਜ਼ੀਰ ਅਹਿਮਦ ਪੁੱਤਰ ਚਿਤਰਾ ਬੱਕਰਵਾਲ, ਉਸਦੀ ਪਤਨੀ ਅੰਜਾਰਾ, ਉਸਦੀ ਨੂੰਹ ਸ਼ਮਾ ਬਾਨੋ ਅਤੇ ਸ਼ਕੀਲਾ ਪੁੱਤਰੀ ਚਿਡਯਾ ਬੱਕਰਵਾਲ ਵਜੋਂ ਹੋਈ ਹੈ।


author

Rakesh

Content Editor

Related News