ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ 5 ਵਜੇ ਤੱਕ ਮੁਲਤਵੀ
Monday, Jul 27, 2026 - 03:24 PM (IST)
ਨਵੀਂ ਦਿੱਲੀ- ਲੋਕ ਸਭਾ ਦੀ ਕਾਰਵਾਈ ਸੋਮਵਾਰ ਨੂੰ ਦੋ ਵਾਰ ਦੀ ਮੁਲਤਵੀ ਤੋਂ ਬਾਅਦ ਜਦੋਂ 2 ਵਜੇ ਮੁੜ ਸ਼ੁਰੂ ਹੋਈ ਤਾਂ ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਫਿਰ ਸੁਚਾਰੂ ਰੂਪ ਨਾਲ ਨਹੀਂ ਚੱਲ ਸਕੀ, ਜਿਸ ਕਾਰਨ ਸਪੀਕਰ ਓਮ ਬਿਰਲਾ ਨੂੰ ਸਦਨ ਦੀ ਕਾਰਵਾਈ ਸ਼ਾਮ 5 ਵਜੇ ਤੱਕ ਮੁਲਤਵੀ ਕਰਨੀ ਪਈ। ਓਮ ਬਿਰਲਾ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਮੈਂਬਰਾਂ ਨੂੰ 'ਲੋਕ ਪ੍ਰੀਖਿਆ (ਅਣਉੱਚਿਤ ਸਾਧਨਾਂ ਦੀ ਰੋਕਥਾਮ) ਸੋਧ ਬਿੱਲ, 2026' 'ਤੇ ਚਰਚਾ ਸ਼ੁਰੂ ਕਰਨ ਦੀ ਅਪੀਲ ਕੀਤੀ, ਪਰ ਇਸ ਤੋਂ ਪਹਿਲਾਂ ਹੀ, ਕਾਂਗਰਸ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਸਦਨ ਦੇ ਵਿਚੋ-ਵਿਚ ਆ ਗਏ ਅਤੇ ਤਖ਼ਤੀਆਂ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਹੰਗਾਮੇ ਦੇ ਵਿਚਕਾਰ, ਸਪੀਕਰ ਨੇ ਮੈਂਬਰਾਂ ਨੂੰ ਦੱਸਿਆ ਕਿ ਇਹ ਬਿੱਲ ਦੇਸ਼ ਦੇ ਕਰੋੜਾਂ ਵਿਦਿਆਰਥੀਆਂ ਦੀਆਂ ਇੱਛਾਵਾਂ ਨਾਲ ਜੁੜਿਆ ਹੈ ਅਤੇ ਲੋਕ ਪ੍ਰੀਖਿਆਵਾਂ 'ਚ ਪੇਪਰ ਲੀਕ ਅਤੇ ਦੁਰਵਿਵਹਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਦਾ ਉਦੇਸ਼ ਰੱਖਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਸ਼ਕਤੀ ਚਰਚਾ 'ਚ ਹੈ ਅਤੇ ਹਰ ਮੈਂਬਰ ਨੂੰ ਇਸ ਮਹੱਤਵਪੂਰਨ ਬਿੱਲ 'ਤੇ ਆਪਣੇ ਵਿਚਾਰ ਅਤੇ ਰਾਏ ਪ੍ਰਗਟ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਅਤੇ ਤਖਤੀਆਂ ਲਹਿਰਾਉਣ ਨਾਲ ਕੋਈ ਵਿਚਾਰ ਸਾਹਮਣੇ ਨਹੀਂ ਆਉਂਦੇ ਸਗੋਂ ਲੋਕਤੰਤਰ ਦੀ ਤਾਕਤ ਸਾਰਥਕ ਚਰਚਾ 'ਚ ਹੈ, ਇਸ ਲਈ ਚਰਚਾ ਕਰ ਕੇ ਲੋਕਤੰਤਰ ਦੇ ਹਿੱਤ 'ਚ ਕੰਮ ਕਰਨਾ ਚਾਹੀਦਾ।
ਉਨ੍ਹਾਂ ਨੇ ਮੈਂਬਰਾਂ ਨੂੰ ਦੱਸਿਆ ਕਿ ਤੁਸੀਂ ਬਿੱਲ 'ਤੇ ਚਰਚਾ ਕਰੋ। ਬਿੱਲ 'ਤੇ 6 ਘੰਟੇ ਚਰਚਾ ਹੋਣੀ ਹੈ ਅਤੇ ਸਦਨ ਦੀ ਸਹਿਮਤੀ ਨਾਲ ਇਸ ਬਿੱਲ 'ਤੇ ਲੋੜ ਪੈਣ 'ਤੇ ਵੱਧ ਸਮੇਂ ਤੱਕ ਵੀ ਚਰਚਾ ਕਰਵਾਈ ਜਾ ਸਕਦੀ ਹੈ ਤਾਂ ਕਿ ਸਾਰੇ ਮੈਂਬਰ ਆਪਣੇ ਸੁਝਾਅ ਅਤੇ ਵਿਚਾਰ ਰੱਖ ਸਕਣ। ਉਨ੍ਹਾਂ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਆਪਣੀਆਂ-ਆਪਣੀਆਂ ਸੀਟਾਂ 'ਤੇ ਜਾ ਕੇ ਬਿੱਲ 'ਤੇ ਚਰਚਾ 'ਚ ਹਿੱਸਾ ਲੈਣ ਦੀ ਅਪੀਲ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਦਖਲ ਦਿੰਦੇ ਹੋਏ ਕਿਹਾ ਕਿ ਇਹ ਇਕ ਬਹੁਤ ਮਹੱਤਵਪੂਰਨ ਬਿੱਲ ਹੈ ਅਤੇ ਬਹੁਤ ਸਾਰੇ ਵਿਰੋਧੀ ਮੈਂਬਰ ਵੀ ਇਸ 'ਤੇ ਚਰਚਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਚਰਚਾ ਲਈ ਵੱਡੀ ਗਿਣਤੀ 'ਚ ਸੋਧਾਂ ਅਤੇ ਨੋਟਿਸ ਪ੍ਰਾਪਤ ਹੋਏ ਹਨ, ਜੋ ਸਪੱਸ਼ਟ ਤੌਰ 'ਤੇ ਮੈਂਬਰਾਂ ਦੀ ਬਿੱਲ 'ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਇੱਛਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਜਦੋਂ ਮੈਂਬਰ ਚਰਚਾ ਲਈ ਇਛੁੱਕ ਹਨ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਚਰਚਾ ਦੌਰਾਨ ਨਾਅਰੇਬਾਜ਼ੀ ਕਿਉਂ ਕਰ ਰਹੇ ਹਨ। ਬਿਰਲਾ ਨੇ ਇਕ ਵਾਰ ਫਿਰ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਬਿੱਲ 'ਤੇ ਸਹਿਮਤੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਸਹਿਮਤੀ ਬਣਾਉਣ 'ਤੇ ਵਿਚਾਰ ਕਰਨ ਲਈ ਸਦਨ ਨੂੰ ਸ਼ਾਮ 5 ਵਜੇ ਤੱਕ ਮੁਲਤਵੀ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
