ਕਸ਼ਮੀਰ ''ਚ ਗਰਮੀ ਨੇ ਤੋੜਿਆ 25 ਸਾਲਾਂ ਦਾ ਰਿਕਾਰਡ, Heat Wave ਕਾਰਨ ਸਕੂਲ ਦੋ ਦਿਨਾਂ ਲਈ ਬੰਦ
Monday, Jul 29, 2024 - 02:36 AM (IST)
ਨੈਸ਼ਨਲ ਡੈਸਕ : ਜੰਮੂ-ਕਸ਼ਮੀਰ ਭਿਆਨਕ ਗਰਮੀ ਦੀ ਲਪੇਟ ਵਿਚ ਹੈ ਅਤੇ ਕਸ਼ਮੀਰ ਵਾਦੀ 'ਚ ਕਈ ਥਾਵਾਂ 'ਤੇ ਐਤਵਾਰ ਨੂੰ ਪਿਛਲੇ 25 ਸਾਲਾਂ 'ਚ ਜੁਲਾਈ ਮਹੀਨੇ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਐਤਵਾਰ ਨੂੰ ਸ਼੍ਰੀਨਗਰ ਸ਼ਹਿਰ 'ਚ ਵੱਧ ਤੋਂ ਵੱਧ ਤਾਪਮਾਨ 36.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 9 ਜੁਲਾਈ 1999 ਤੋਂ ਬਾਅਦ ਇਹ ਜੁਲਾਈ ਦਾ ਸਭ ਤੋਂ ਗਰਮ ਦਿਨ ਸੀ, ਜਦੋਂ ਪਾਰਾ 37 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਸ਼੍ਰੀਨਗਰ ਵਿਚ ਜੁਲਾਈ ਦਾ ਸਭ ਤੋਂ ਗਰਮ ਦਿਨ 10 ਜੁਲਾਈ 1946 ਨੂੰ ਦਰਜ ਕੀਤਾ ਗਿਆ ਸੀ, ਜਦੋਂ ਪਾਰਾ 38.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਅਤੇ ਕੋਕਰਨਾਗ ਕਸਬਿਆਂ ਵਿਚ ਵੀ ਐਤਵਾਰ ਨੂੰ ਜੁਲਾਈ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਕਾਜ਼ੀਗੁੰਡ ਦਾ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 11 ਜੁਲਾਈ 1988 ਨੂੰ ਦਰਜ ਕੀਤੇ ਗਏ 34.5 ਡਿਗਰੀ ਸੈਲਸੀਅਸ ਨਾਲੋਂ ਵੱਧ ਸੀ।
ਇਹ ਵੀ ਪੜ੍ਹੋ : ਪੈਸਿਆਂ ਦੇ ਝਗੜੇ ਨੂੰ ਲੈ ਕੇ ਪਿਓ ਨੇ ਚਾਕੂ ਨਾਲ ਕੀਤਾ ਧੀ ਦਾ ਕਤਲ, ਪਤਨੀ ਨੂੰ ਵੀ ਕਰ'ਤਾ ਲਹੂਲੁਹਾਨ
ਕੋਕਰਨਾਗ 'ਚ ਪਾਰਾ 34.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ, ਜਦੋਂਕਿ ਇਸ ਸਾਲ 3 ਜੁਲਾਈ ਨੂੰ ਤਾਪਮਾਨ 33.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਦੱਖਣੀ ਕਸ਼ਮੀਰ ਦੇ ਇਸ ਸ਼ਹਿਰ ਵਿਚ ਇਸ ਤੋਂ ਪਹਿਲਾਂ ਸਿਰਫ਼ ਇਕ ਵਾਰ 8 ਜੁਲਾਈ 1993 ਨੂੰ ਪਾਰਾ 33 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਸੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਕਸ਼ਮੀਰ ਵਾਦੀ 'ਚ ਵੱਖ-ਵੱਖ ਥਾਵਾਂ 'ਤੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਸਭ ਤੋਂ ਪ੍ਰਸਿੱਧ ਦਰਗਾਹ 'ਚ ਮੰਗੀਆਂ ਜਾ ਰਹੀਆਂ ਹਨ ਦੁਆਵਾਂ
ਸ਼੍ਰੀਨਗਰ ਵਿਚ ਭਿਆਨਕ ਗਰਮੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰੇ ਸਕੂਲ ਦੋ ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਤੇਜ਼ ਗਰਮੀ ਕਾਰਨ ਕਸ਼ਮੀਰ ਡਵੀਜ਼ਨ ਵਿਚ 29 ਅਤੇ 30 ਜੁਲਾਈ ਨੂੰ ਦੋ ਦਿਨਾਂ ਲਈ ਸਕੂਲਾਂ ਵਿਚ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਪਹਾੜਾਂ ਦਾ ਆਨੰਦ ਲੈਣ ਆਏ ਸੈਲਾਨੀਆਂ ਦਾ ਵੀ ਗਰਮੀ ਕਾਰਨ ਬੁਰਾ ਹਾਲ ਹੈ। ਉਨ੍ਹਾਂ ਨੂੰ ਉਹ ਠੰਢ ਨਹੀਂ ਲੱਗ ਰਹੀ, ਜਿਸ ਦਾ ਅਨੁਭਵ ਕਰਨ ਲਈ ਉਹ ਕਸ਼ਮੀਰ ਆਏ ਸਨ, ਜਿਸ ਕਾਰਨ ਉਨ੍ਹਾਂ ਦੀਆਂ ਇੱਛਾਵਾਂ 'ਤੇ ਪਾਣੀ ਫਿਰ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਬਾਰਿਸ਼ ਲਈ ਕਸ਼ਮੀਰ ਦੀਆਂ ਦਰਗਾਹਾਂ ਵੱਲ ਪੈਦਲ ਮਾਰਚ ਕਰਨਾ ਪੈਂਦਾ ਹੈ। ਇੱਥੇ ਲੋਕ 15 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕਸ਼ਮੀਰ ਦੀ ਸਭ ਤੋਂ ਮਸ਼ਹੂਰ ਦਰਗਾਹ 'ਤੇ ਗਏ ਜਿੱਥੇ ਉਨ੍ਹਾਂ ਨੇ ਬਾਰਿਸ਼ ਲਈ ਦੁਆ ਕੀਤੀ।\
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8