ਗਰਮੀ ਦਾ ਕਹਿਰ; IMD ਨੇ ਲੋਕਾਂ ਨੂੰ ਕੀਤਾ ਅਲਰਟ, ਇਸ ਟਾਈਮ ਘਰੋਂ ਨਾ ਨਿਕਲੋ ਬਾਹਰ
Wednesday, Jun 11, 2025 - 12:33 PM (IST)

ਨੈਸ਼ਨਲ ਡੈਸਕ- ਉੱਤਰ ਭਾਰਤ ਦੇ ਕਈ ਸੂਬੇ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ ਵਿਚ ਹਨ। ਦਿੱਲੀ, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਵਿਚਕਾਰ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਲੂ (ਹੀਟਵੇਵ) ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ 4-5 ਦਿਨਾਂ ਤੱਕ ਗਰਮੀ ਦਾ ਇਹ ਦੌਰ ਜਾਰੀ ਰਹਿ ਸਕਦਾ ਹੈ। ਮੌਸਮ ਵਿਭਾਗ (IMD)ਨੇ ਨਾਗਰਿਕਾਂ ਨੂੰ 11 ਵਜੇ ਤੋਂ 4 ਵਜੇ ਤੱਕ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। IMD ਨੇ ਨਾਗਰਿਕਾਂ ਨੂੰ ਗਰਮੀ ਤੋਂ ਬਚਾਅ ਲਈ ਵੱਧ ਪਾਣੀ ਪੀਣ, ਹਲਕੇ ਅਤੇ ਸੂਤੀ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਹੈ। ਬਜ਼ੁਰਗਾਂ, ਬੱਚਿਆਂ ਅਤੇ ਬੀਮਾਰ ਵਿਅਕਤੀਆਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਦਿੱਲੀ-NCR 'ਚ 45 ਡਿਗਰੀ ਤੋਂ ਪਾਰ ਤਾਪਮਾਨ
ਰਾਜਧਾਨੀ ਦਿੱਲੀ ਵਿਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੋਧੀ ਰੋਡ, ਰਿਜ ਅਤੇ ਆਇਆਨਗਰ ਵਰਗੇ ਇਲਾਕਿਆਂ ਵਿਚ ਤਾਪਮਾਨ 45.5 ਡਿਗਰੀ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ 12 ਜੂਨ ਤੱਕ ਗਰਮ ਹਵਾਵਾਂ ਅਤੇ ਹੀਟਵੇਵ ਬਣੀ ਰਹੇਗੀ। 13 ਜੂਨ ਤੋਂ ਮੀਂਹ ਅਤੇ ਤੇਜ਼ ਹਵਾਵਾਂ ਕੁਝ ਰਾਹਤ ਦੇ ਸਕਦੀ ਹੈ।
ਰਾਜਸਥਾਨ, ਗੰਗਾਨਗਰ ਸਭ ਤੋਂ ਗਰਮ
ਰਾਜਸਥਾਨ ਦੇ ਗੰਗਾਨਗਰ ਵਿਚ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.4 ਡਿਗਰੀ ਦਰਜ ਹੋਇਆ, ਜੋ ਇਸ ਸੀਜ਼ਨ ਦਾ ਸਭ ਤੋਂ ਵੱਧ ਗਰਮ ਦਿਨ ਰਿਹਾ। ਕੋਟਾ, ਚੁਰੂ, ਬੀਕਾਨੇਰ ਅਤੇ ਅਲਵਰ ਵਰਗੇ ਸ਼ਹਿਰਾਂ ਵਿਚ ਵੀ ਤਾਪਮਾਨ 44-46 ਡਿਗਰੀ ਵਿਚਾਲੇ ਰਿਹਾ। ਮੌਸਮ ਵਿਭਾਗ ਮੁਤਾਬਕ ਪੱਛਮੀ ਰਾਜਸਥਾਨ ਵਿਚ ਅਗਲੇ ਹਫਤੇ ਤੱਕ ਮੌਸਮ ਖ਼ੁਸ਼ਕ ਰਹੇਗਾ।
ਪੰਜਾਬ-ਹਰਿਆਣਾ 'ਚ ਭਿਆਨਕ ਗਰਮੀ
ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਿੱਥੇ ਤਾਪਮਾਨ 47.6 ਡਿਗਰੀ ਪਹੁੰਚ ਗਿਆ। ਹਰਿਆਣਾ ਦੇ ਸਿਰਸਾ, ਰੋਹਤਕ ਅਤੇ ਨਾਰਲੌਨ ਵਿਚ ਵੀ ਤਾਪਮਾਨ 46 ਡਿਗਰੀ ਪਾਰ ਰਿਹਾ। ਚੰਡੀਗੜ੍ਹ ਵਿਚ ਵੀ ਤਾਪਮਾਨ 43.9 ਡਿਗਰੀ ਦਰਜ ਹੋਇਆ, ਜੋ ਹੁਣ ਤੱਕ ਦਾ ਰਿਕਾਰਡ ਹੈ।
ਜੰਮੂ-ਕਸ਼ਮੀਰ 'ਚ ਭਿਆਨਕ ਗਰਮੀ
ਜੰਮੂ ਵਿਚ ਤਾਪਮਾਨ 45 ਡਿਗਰੀ ਪਾਰ ਪਹੁੰਚ ਗਿਆ ਹੈ। ਇੱਥੋਂ ਦੇ ਜੰਬੂ ਜੂ ਵਿਚ ਜਾਨਵਰਾਂ ਨੂੰ ਰਾਹਤ ਦੇਣ ਲਈ ਪਾਣੀ ਦੇ ਛਿੜਕਾਅ, ਤਲਾਬ ਅਤੇ ਠੰਡੀਆਂ ਥਾਵਾਂ ਦੀ ਵਿਵਸਥਾ ਕੀਤੀ ਗਈ ਹੈ। ਸ਼੍ਰੀਨਗਰ ਵਿਚ ਵੀ ਤਾਪਮਾਨ 34 ਡਿਗਰੀ ਨੂੰ ਛੂਹ ਰਿਹਾ ਹੈ। ਗਰਮੀ ਤੋਂ ਕਸ਼ਮੀਰ ਘਾਟੀ ਵਿਚ ਕੂਲਰ ਅਤੇ ਏਸੀ ਦੀ ਡਿਮਾਂਡ ਵੱਧ ਗਈ ਹੈ।
13 ਤੋਂ 15 ਜੂਨ ਵਿਚਾਲੇ ਮਿਲੇਗੀ ਰਾਹਤ
ਮੌਸਮ ਵਿਭਾਗ ਨੇ ਦੱਸਿਆ ਕਿ 13 ਜੂਨ ਤੋਂ ਮੌਸਮ ਵਿਚ ਬਦਲਾਅ ਆ ਸਕਦਾ ਹੈ। ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ 'ਨੋ ਹੀਟਵੇਵ ਕੰਡੀਸ਼ਨ' ਦੀ ਭਵਿੱਖਬਾਣੀ ਕੀਤੀ ਗਈ ਹੈ।