ਹੋਰ ਸਤਾਏਗੀ ਗਰਮੀ, ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਖ਼ਦਸ਼ਾ
Monday, Jun 09, 2025 - 11:11 AM (IST)

ਨਵੀਂ ਦਿੱਲੀ- ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਭਿਆਨਕ ਗਰਮੀ ਰਹਿਣ ਅਤੇ ਤਾਪਮਾਨ ਦੇ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਦਾ ਅਨੁਮਾਨ ਜਤਾਇਆ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਸਵੇਰੇ-ਸਵੇਰੇ ਤਾਪਮਾਨ 27.6 ਡਿਗਰੀ ਸੈਲਸੀਅਸ ਰਿਹਾ। IMD ਮੁਤਾਬਕ ਅਗਲੇ ਤਿੰਨ ਦਿਨਾਂ ਵਿਚ ਤਾਪਮਾਨ ਦੇ ਹੋਰ ਵੀ ਵੱਧਣ ਦੀ ਸੰਭਾਵਨਾ ਹੈ, ਜੋ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਘੱਟ ਤੋਂ ਘੱਟ ਚਾਰ ਦਿਨਾਂ ਤੱਕ ਗਰਮੀ ਅਤੇ ਉਸਮ ਦੀ ਸਥਿਤੀ ਬਣੇ ਰਹਿਣ ਦੀ ਉਮੀਦ ਹੈ, ਜਿਸ ਲਈ 'ਯੈਲੋ ਅਲਰਟ' ਜਾਰੀ ਕੀਤਾ ਗਿਆ ਹੈ। ਦਿਨ ਦੌਰਾਨ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਗਰਮੀ ਤੋਂ ਕੋਈ ਖ਼ਾਸ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ। ਸਵੇਰੇ 8.30 ਵਜੇ ਨਮੀ ਦਾ ਪੱਧਰ 48 ਫ਼ੀਸਦੀ ਦਰਜ ਕੀਤਾ ਗਿਆ।
ਐਤਵਾਰ ਨੂੰ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਇਸ ਜੂਨ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਸੋਮਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ (AQI) 219 ਦਰਜ ਕੀਤਾ ਗਿਆ, ਜੋ ਕਿ 'ਖਰਾਬ' ਸ਼੍ਰੇਣੀ ਵਿਚ ਆਉਂਦਾ ਹੈ। CPCB ਦੇ ਅੰਕੜਿਆਂ ਅਨੁਸਾਰ 0 ਤੋਂ 50 ਦੇ ਵਿਚਕਾਰ AQI ਨੂੰ 'ਚੰਗਾ', 51 ਤੋਂ 100 ਦੇ ਵਿਚਕਾਰ 'ਤਸਲੀਬਖਸ਼', 101 ਤੋਂ 200 ਦੇ ਵਿਚਕਾਰ 'ਮੱਧਮ', 201 ਤੋਂ 300 ਦੇ ਵਿਚਕਾਰ 'ਖਰਾਬ', 301 ਤੋਂ 400 ਦੇ ਵਿਚਕਾਰ 'ਬਹੁਤ ਖਰਾਬ' ਅਤੇ 401 ਤੋਂ 500 ਦੇ ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।