ਹਾਥਰਸ ਭਾਜੜ ਮਾਮਲਾ: ਨਿਆਂਇਕ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ''ਭੋਲੇ ਬਾਬਾ''
Thursday, Oct 10, 2024 - 01:29 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਪਿਛਲੀ ਦੋ ਜੁਲਾਈ ਨੂੰ ਆਪਣੇ ਸਤਿਸੰਗ ਮਗਰੋਂ ਮਚੀ ਭਾਜੜ 'ਚ 121 ਲੋਕਾਂ ਦੀ ਮੌਤ ਦੇ ਮਾਮਲੇ 'ਚ ਬਾਬਾ ਸੂਰਜਪਾਲ ਉਰਫ 'ਭੋਲੇ ਬਾਬਾ' ਘਟਨਾ ਦੀ ਜਾਂਚ ਕਰ ਰਹੇ ਨਿਆਂਇਕ ਕਮਿਸ਼ਨ ਦੇ ਸਾਹਮਣੇ ਵੀਰਵਾਰ ਨੂੰ ਪੇਸ਼ ਹੋਏ। ਹਾਲਾਂਕਿ ਨਾਰਾਇਣ ਸਾਕਾਰ ਹਰੀ ਦੇ ਨਾਂ ਤੋ ਪਹਿਚਾਣੇ ਜਾਣ ਵਾਲੇ ਸੂਰਜਪਾਲ ਦਾ ਨਾਂ ਹਾਥਰਸ ਜ਼ਿਲ੍ਹੇ ਦੇ ਸਿਕੰਦਰਾਰਾਊ ਖੇਤਰ ਦੇ ਫੁਲਰਾਈ ਪਿੰਡ ਵਿਚ 2 ਜੁਲਾਈ ਨੂੰ ਭਾਜੜ ਮਗਰੋਂ ਦਰਜ ਕੀਤੀ ਗਈ FIR 'ਚ ਦੋਸ਼ਾਂ ਦੇ ਰੂਪ ਵਿਚ ਸ਼ਾਮਲ ਨਹੀਂ ਹੈ।
ਉੱਤਰ ਪ੍ਰਦੇਸ਼ ਸਰਕਾਰ ਨੇ 3 ਜੁਲਾਈ ਨੂੰ ਹਾਥਰਸ ਤ੍ਰਾਸਦੀ ਦੀ ਜਾਂਚ ਅਤੇ ਭਾਜੜ ਦੇ ਪਿੱਛੇ ਕਿਸੇ ਸਾਜ਼ਿਸ਼ ਦੀ ਸੰਭਾਵਨਾ ਦੀ ਜਾਂਚ ਲਈ ਇਕ ਸੇਵਾਮੁਕਤ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ 'ਚ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਗਠਿਤ ਕੀਤਾ ਸੀ। ਸੂਰਜਪਾਲ ਦੇ ਵਕੀਲ ਏ. ਪੀ. ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਆਂਇਕ ਕਮਿਸ਼ਨ ਦਾ ਦਫ਼ਤਰ ਲਖਨਊ ਵਿਚ ਹੈ ਅਤੇ ਅੱਜ ਬਾਬਾ ਸੂਰਜਪਾਲ ਨੂੰ ਬਿਆਨ ਦੇਣ ਲਈ ਬੁਲਾਇਆ ਗਿਆ ਸੀ।
ਵਕੀਲ ਨੇ ਕਿਹਾ ਕਿ ਸਾਨੂੰ ਉੱਤਰ ਪ੍ਰਦੇਸ਼ ਪੁਲਸ, ਨਿਆਂ ਪਾਲਿਕਾ, ਸੂਬਾ ਸਰਕਾਰ ਅਤੇ ਕੇਂਦਰ 'ਤੇ ਪੂਰਾ ਭਰੋਸਾ ਹੈ। ਸਾਡੇ ਨਾਲ ਨਿਆਂ ਹੋਵੇਗਾ। ਅਸੀਂ ਵਾਅਦਾ ਕੀਤਾ ਸੀ ਕਿ ਜਦੋਂ ਵੀ ਕੋਈ ਜਾਂਚ ਪੈਨਲ ਜਾਂ ਜਾਂਚ ਏਜੰਸੀ ਨਾਰਾਇਣ ਸਾਕਾਰ ਹਰੀ ਨੂੰ ਬੁਲਾਏਗੀ, ਤਾਂ ਉਹ ਹਾਜ਼ਰ ਹੋਣਗੇ। ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀ, ਇਸ ਲਈ ਉਹ ਇੱਥੇ ਆਏ ਹਨ। ਉਨ੍ਹਾਂ ਤੋਂ ਜੋ ਵੀ ਪੁੱਛਿਆ ਜਾਵੇਗਾ, ਉਹ ਉਸ 'ਤੇ ਆਪਣਾ ਬਿਆਨ ਦੇਣਗੇ।
ਦੱਸ ਦੇਈਏ ਕਿ ਭਾਜੜ ਮਾਮਲੇ ਵਿਚ ਪੁਲਸ ਨੇ ਸੂਰਜਪਾਲ ਦੇ ਪ੍ਰੋਗਰਾਮ ਦੇ ਆਯੋਜਨ ਵਿਚ ਸ਼ਾਮਲ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀਆਂ ਵਿਚੋਂ ਇਕ ਮੰਜੂ ਯਾਦਵ ਫਿਲਹਾਲ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ 'ਤੇ ਜ਼ਮਾਨਤ 'ਤੇ ਬਾਹਰ ਹੈ। ਹਾਥਰਸ ਦੇ ਸਿੰਕਦਰਾਰਾਊ ਖੇਤਰ ਦੇ ਫੁਲਰਾਈ ਪਿੰਡ ਵਿਚ ਇਸੇ ਸਾਲ 2 ਜੁਲਾਈ ਨੂੰ ਸੂਰਜਪਾਲ ਉਰਫ਼ ਭੋਲੇ ਬਾਬਾ ਨਾਰਾਇਣ ਸਾਕਾਰ ਹਰੀ ਦੇ ਸਤਿਸੰਗ ਮਗਰੋਂ ਮਚੀ ਭਾਜੜ ਵਿਚ ਕੁੱਲ 121 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤ ਸਨ।