ਕੁਝ ਦਿਨਾਂ ਤੱਕ ਭਾਰਤ 'ਚ ਹੀ ਰਹੇਗੀ ਹਸੀਨਾ, ਬ੍ਰਿਟੇਨ ਨੇ ਸੁਰੱਖਿਆ ਦੇਣ ਤੋਂ ਕੀਤਾ ਇਨਕਾਰ
Tuesday, Aug 06, 2024 - 04:27 PM (IST)
ਨਵੀਂ ਦਿੱਲੀ (ਭਾਸ਼ਾ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਯਾਤਰਾ ਯੋਜਨਾ ਕੁਝ ਰੁਕਾਵਟਾਂ ਕਾਰਨ ਅਟਕ ਗਈ ਹੈ ਅਤੇ ਅਗਲੇ ਕੁਝ ਦਿਨਾਂ ਤੱਕ ਉਨ੍ਹਾਂ ਦੇ ਭਾਰਤ ਤੋਂ ਬਾਹਰ ਜਾਣ ਦੀ ਸੰਭਾਵਨਾ ਨਹੀਂ ਹੈ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਹਿੰਡਨ ਏਅਰਬੇਸ 'ਤੇ ਉਤਰੀ ਹਸੀਨਾ ਨੂੰ ਇਕ ਅਣਜਾਣ ਜਗ੍ਹਾ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਾਲੇ ਰੱਖਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਸੀਨਾ ਭਾਰਤ ਤੋਂ ਲੰਡਨ ਜਾਣ ਵਾਲੀ ਸੀ ਪਰ ਹੁਣ ਉਹ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ, ਕਿਉਂਕਿ ਬ੍ਰਿਟੇਨ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਸੰਭਾਵਿਤ ਜਾਂਚ ਖ਼ਿਲਾਫ਼ ਬ੍ਰਿਟੇਨ 'ਚ ਕਾਨੂੰਨੀ ਸੁਰੱਖਿਆ ਨਹੀਂ ਮਿਲ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਅਵਾਮੀ ਲੀਗ ਦੀ ਨੇਤਾ ਹਸੀਨਾ ਨੇ ਭਾਰਤ ਦੇ ਰਸਤੇ ਲੰਡਨ ਜਾਣ ਦੀ ਯੋਜਨਾ ਬਣਾਈ ਸੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਹਿੰਡਨ ਪਹੁੰਚਣ ਤੋਂ ਪਹਿਲਾਂ ਭਾਰਤੀ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਸੀ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਲੈਮੀ ਨੇ ਸੋਮਵਾਰ ਨੂੰ ਲੰਡਨ 'ਚ ਇਕ ਬਿਆਨ 'ਚ ਕਿਹਾ ਕਿ ਬੰਗਲਾਦੇਸ਼ ਨੇ ਪਿਛਲੇ ਕੁਝ ਹਫ਼ਤਿਆਂ 'ਚ ਹਿੰਸਾ ਅਤੇ ਜਾਨ-ਮਾਲ ਦੀ ਦੁਖ਼ਦ ਹਾਨੀ ਦੇਖੀ ਹੈ ਅਤੇ ਦੇਸ਼ ਦੇ ਲੋਕ ਘਟਨਾਵਾਂ ਦੀ ਸੰਯੁਕਤ ਰਾਸ਼ਟਰ ਦੀ ਅਗਵਾਈ 'ਚ ਪੂਰਨ ਅਤੇ ਆਜ਼ਾਦ ਜਾਂਚ ਦੇ ਹੱਕਦਾਰ ਹਨ।'' ਸੂਤਰਾਂ ਨੇ ਕਿਹਾ ਕਿ ਹਸੀਨਾ ਦੀ ਯਾਤਰਾ ਯੋਜਨਾਵਾਂ 'ਚ ਕੁਝ ਰੁਕਾਵਟ ਆ ਗਈ ਹੈ ਅਤੇ ਉਹ ਅਗਲੇ ਕੁਝ ਦਿਨਾਂ ਤੱਕ ਭਾਰਤ 'ਚ ਹੀ ਰਹਿ ਸਕਦੀ ਹੈ। ਉਨ੍ਹਾਂ ਨੇ ਸਥਿਤੀ ਨੂੰ ਗਤੀਸ਼ੀਲ ਵੀ ਦੱਸਿਆ ਅਤੇ ਕਿਹਾ ਕਿ ਇਸ ਮਾਮਲੇ 'ਚ ਕੋਈ ਯਕੀਨੀ ਰਸਤਾ ਜਾਂ ਸਪੱਸ਼ਟਤਾ ਨਹੀਂ ਹੈ। ਹਸੀਨਾ ਨੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਨੌਕਰੀ 'ਚ ਰਾਖਵਾਂਕਰਨ ਯੋਜਨਾ ਖ਼ਿਲਾਫ਼ ਸ਼ੁਰੂ ਹੋਇਆ ਸੀ ਪਰ ਕੁਝ ਹੀ ਹਫ਼ਤਿਆਂ ਬਾਅਦ ਇਹ ਇਕ ਵੱਡੇ ਅੰਦੋਲਨ 'ਚ ਬਦਲ ਗਿਆ ਅਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਸ਼ੁਰੂ ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8