ਹਰਿਆਣਾ : ਸੋਨੀਪਤ ਦੇ ਮੁਰਥਲ ''ਚ ਸੁਖਦੇਵ ਢਾਬੇ ਦੇ 65 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ
Thursday, Sep 03, 2020 - 05:13 PM (IST)
ਸੋਨੀਪਤ- ਹਰਿਆਣਾ ਦੇ ਸੋਨੀਪਤ ਦੇ ਇਕ ਢਾਬੇ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਮੁਰਥਲ 'ਚ ਸੁਖਦੇਵ ਢਾਬੇ ਦੇ 65 ਕਰਮੀ ਕੋਰੋਨਾ ਵਾਇਰਸ ਦੇ ਲਪੇਟ 'ਚ ਆ ਗਏ ਹਨ। ਸੋਨੀਪਤ ਦੇ ਡੀ.ਸੀ. ਸ਼ਾਮਲਾਲ ਪੁਨੀਆ ਨੇ ਇਸ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸੁਖਦੇਵ ਢਾਬੇ ਦੇ 350 ਕਰਮੀਆਂ ਦੇ ਟੈਸਟ ਹੋਏ ਸਨ। ਇਹ ਕਰਮੀ ਦੂਜੇ ਪ੍ਰਦੇਸ਼ਾਂ ਤੋਂ ਇੱਥੇ ਕੰਮ ਕਰਨ ਲਈ ਆਏ ਹਨ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਦਾ ਐਂਟੀਜਨ ਟੈਸਟ ਕਰਵਾਇਆ ਗਿਆ ਸੀ, ਜਿਸ 'ਚ 65 ਪਾਜ਼ੇਟਿਵ ਆਏ ਹਨ। ਟੈਸਟ ਕਰਨ ਵਾਲੀ ਉੱਪ ਸਿਵਲ ਸਰਜਨ ਅਤੇ ਪੇਂਡੂ ਖੇਤਰ ਦੀ ਨੋਡਲ ਅਧਿਕਾਰੀ ਡਾ. ਗੀਤਾ ਦਹੀਆ ਨੇ ਇਹ ਜਾਣਕਾਰੀ ਦਿੱਤੀ ਹੈ। ਦਰਅਸਲ ਇੱਥੇ 2 ਹਜ਼ਾਰ ਤੋਂ ਵੱਧ ਕਰਮੀ ਕੰਮ ਕਰਦੇ ਹਨ। ਤਾਲਾਬੰਦੀ ਦੌਰਾਨ ਇਹ ਲੋਕ ਆਪਣੇ-ਆਪਣੇ ਘਰ ਚੱਲੇ ਗਏ ਸਨ।
ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਕੋਰੋਨਾ ਦੇ ਇਨਫੈਕਟਡ ਮਰੀਜ਼ਾਂ ਦੀ ਰਫ਼ਤਾਰ ਇਕ ਵਾਰ ਫਿਰ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨਾਲ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ। ਬੁੱਧਵਾਰ ਨੂੰ ਪਹਿਲਵਾਨ ਵਿਨੇਸ਼ ਫੌਗਾਟ ਦੇ ਪਤੀ ਸੋਮਬੀਰ ਰਾਠੀ ਸਮੇਤ 191 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ, ਜਦੋਂ ਕਿ 80 ਲੋਕ ਇਨਫੈਕਸ਼ਨ ਤੋਂ ਠੀਕ ਹੋ ਕੇ ਘਰ ਆਏ। ਵਿਨੇਸ਼ ਫੌਗਾਟ ਅਤੇ ਕੁਸ਼ਤੀ ਕੋਚ ਓ.ਪੀ. ਦਹੀਆ 28 ਅਗਸਤ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਸ਼ਨ। ਹਾਲਾਂਕਿ ਹੁਣ ਉਨ੍ਹਾਂ ਦੀ ਦੂਜੀ ਰਿਪੋਰਟਨ ਨੈਗੇਟਿਵ ਆਈ ਹੈ। ਸੋਨੀਪਤ ਜ਼ਿਲ੍ਹੇ 'ਚ ਹੁਣ ਤੱਕ ਕੁੱਲ ਪੀੜਤਾਂ ਦੀ ਗਿਣਤੀ 4847 ਹੋ ਗਈ ਹੈ, ਜਦੋਂ ਕਿ 3841 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁਕੇ ਹਨ। ਜ਼ਿਲ੍ਹੇ 'ਚ ਹੁਣ ਤੱਕ ਕੋਰੋਨਾ ਨਾਲ 41 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਫਿਲਹਾਲ 965 ਸਰਗਰਮ ਮਰੀਜ਼ ਹਨ।