ਹਰਿਆਣਾ ਦੇ ਸਕੂਲੀ ਵਿਦਿਆਰਥੀ ਅਗਲੇ ਵਿਦਿਅਕ ਸੈਸ਼ਨ ਤੋਂ ਗੀਤਾ ਦੇ ‘ਸ਼ਲੋਕ’ ਪੜ੍ਹਣਗੇ : ਖੱਟੜ

Sunday, Dec 12, 2021 - 03:30 AM (IST)

ਹਰਿਆਣਾ ਦੇ ਸਕੂਲੀ ਵਿਦਿਆਰਥੀ ਅਗਲੇ ਵਿਦਿਅਕ ਸੈਸ਼ਨ ਤੋਂ ਗੀਤਾ ਦੇ ‘ਸ਼ਲੋਕ’ ਪੜ੍ਹਣਗੇ : ਖੱਟੜ

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਲੇ ਅਕਾਦਮਿਕ ਸੈਸ਼ਨ ਤੋਂ ਸੂਬੇ ਭਰ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਭਗਵਦ ਗੀਤਾ ਦੇ ‘ਸ਼ਲੋਕ’ ਦਾ ਪਾਠ ਕਰਨਾ ਸਿਖਾਇਆ ਜਾਵੇਗਾ। ਇੱਥੇ ਇਕ ਅਧਿਕਾਰਤ ਰਿਲੀਜ਼ ਅਨੁਸਾਰ ਮੁੱਖ ਮੰਤਰੀ ਨੇ ਇਹ ਐਲਾਨ ਕੁਰੂਕਸ਼ੇਤਰ ਵਿੱਚ ਚੱਲ ਰਹੇ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੌਰਾਨ ਕੀਤਾ। ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ ਵੀ ਮੌਜੂਦ ਸਨ। ਤਿਉਹਾਰ ਦੇ ਹਿੱਸੇ ਵਜੋਂ ਗੀਤਾ ਗਿਆਨ ਸੰਸਥਾਨ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੁਆਰਾ ਆਯੋਜਿਤ ਸੈਮੀਨਾਰ ਵਿਚ ਬੋਲਦਿਆਂ, ਖੱਟੜ ਨੇ ਕਿਹਾ ਕਿ ਗੀਤਾ ਨਾਲ ਸਬੰਧਤ ਕਿਤਾਬਾਂ ਜਮਾਤ ਪੰਜਵੀਂ ਅਤੇ ਸੱਤਵੀਂ ਦੇ ਪਾਠਕ੍ਰਮ ਦਾ ਹਿੱਸਾ ਬਣਨਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਗੀਤਾ ਦੇ ਸਾਰ ਨੂੰ ਆਪਣੇ ਜੀਵਨ ਵਿਚ ਗ੍ਰਹਿਣ ਕਰਨਾ ਚਾਹੀਦਾ ਹੈ ਕਿਉਂਕਿ ਇਸ ਪਵਿੱਤਰ ਗ੍ਰੰਥ ਦਾ ਸੰਦੇਸ਼ ਸਿਰਫ ਅਰਜੁਨ ਲਈ ਹੀ ਨਹੀਂ ਸਗੋਂ ਸਾਡੇ ਸਾਰਿਆਂ ਲਈ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲਾਨਾ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਨੂੰ ਵੱਡੇ ਪੱਧਰ ’ਤੇ ਕਰਵਾਉਣ ਲਈ ਅਗਲੇ ਸਾਲ ਤੋਂ ਗੀਤਾ ਜੈਅੰਤੀ ਸਮਿਤੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋਤੀਸਰ ਵਿਖੇ ‘ਗੀਤਾਸਥਲੀ’ ਵਿਖੇ ਦੋ ਏਕੜ ਜ਼ਮੀਨ ’ਤੇ 205 ਕਰੋੜ ਰੁਪਏ ਦੀ ਲਾਗਤ ਨਾਲ ਮਹਾਭਾਰਤ ਵਿਸ਼ੇ ’ਤੇ ਅਜਾਇਬ ਘਰ ਬਣਾਇਆ ਜਾ ਰਿਹਾ ਹੈ | ਖੱਟੜ ਨੇ ਕਿਹਾ ਕਿ ਰਾਮਲੀਲਾ ਦੀ ਤਰਜ਼ ’ਤੇ ਅਗਲੇ ਸਾਲ ਤੋਂ ਅੰਤਰਰਾਸ਼ਟਰੀ ਗੀਤਾ ਮਹਾਉਤਸਵ ਦੌਰਾਨ ਕ੍ਰਿਸ਼ਨ ਉਤਸਵ ਦਾ ਆਯੋਜਨ ਵੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News