ਹਰਿਆਣਵੀਂ ਮੁੰਡੇ ਦਾ ਫਰਾਂਸ ਦੀ ਗੋਰੀ 'ਤੇ ਆਇਆ ਦਿਲ, ਹਿੰਦੂ ਰੀਤੀ-ਰਿਵਾਜਾਂ ਨਾਲ ਕਰਵਾਇਆ ਵਿਆਹ
Sunday, Dec 15, 2024 - 12:02 PM (IST)
ਪਲਵਲ- ਹਰਿਆਣਾ ਦੇ ਪਲਵਲ ਦੇ ਵਾਸੀ ਯੋਗਾ ਟੀਚਰ ਅਮਿਤ ਨਰਵਾਰ ਫਰਾਂਸ ਤੋਂ ਵਿਦੇਸ਼ੀ ਲਾੜੀ ਲਿਆਇਆ। ਅਮਿਤ ਅਤੇ ਸਿਸੇਲ ਮੈਰੀਲੀ ਦਾ 12 ਦਸੰਬਰ 2024 ਨੂੰ ਪਲਵਲ ਦੇ ਵਿਸ਼ਨੂੰ ਗਾਰਡਨ 'ਚ ਹਿੰਦੂ ਰੀਤੀ-ਰਿਵਾਜ ਨਾਲ ਵਿਆਹ ਹੋਇਆ। ਵਿਦੇਸ਼ੀ ਲਾੜੀ ਨੂੰ ਵੇਖਣ ਲਈ ਪਿੰਡ ਦੀਆਂ ਔਰਤਾਂ ਉਨ੍ਹਾਂ ਦੇ ਘਰ ਪਹੁੰਚੀਆਂ। ਆਪਣੇ ਪਤੀ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਨਾਲ ਵਿਦੇਸ਼ੀ ਲਾੜੀ ਨੇ ਹਰਿਆਣਵੀਂ ਗਾਣਿਆਂ 'ਤੇ ਠੁਮਕੇ ਲਾ ਕੇ ਸਾਰਿਆਂ ਦਾ ਮਨ ਮੋਹ ਲਿਆ।
ਰਿਸ਼ੀਕੇਸ਼ 'ਚ ਹੋਈ ਸੀ ਦੋਹਾਂ ਦੀ ਮੁਲਾਕਾਤ
ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਰਿਸ਼ੀਕੇਸ਼ 'ਚ 30 ਸਾਲਾ ਅਮਿਤ ਨਰਵਾਰ ਦੀ ਦੋਸਤੀ ਫਰਾਂਸ ਦੇ ਰਹਿਣ ਵਾਲੇ ਸਿਸੇਲ ਮੈਰੀਲੀ ਨਾਲ ਹੋਈ ਸੀ। ਕੋਰੋਨਾ ਕਾਲ ਤੋਂ ਪਹਿਲਾਂ ਅਮਿਤ 2019 ਵਿਚ ਰਿਸ਼ੀਕੇਸ਼ ਵਿਚ ਇਕ ਯੋਗਾ ਟੀਚਰ ਵਜੋਂ ਕੰਮ ਕਰਦਾ ਸੀ ਅਤੇ ਸਿਸੇਲ ਮੈਰੀਲੀ ਯੋਗਾ ਸਿੱਖਣ ਲਈ 2 ਮਹੀਨੇ ਦਾ ਕੋਰਸ ਕਰਨ ਲਈ ਰਿਸ਼ੀਕੇਸ਼ ਆਈ ਅਤੇ ਫਿਰ ਦੋਵਾਂ ਵਿਚ ਪਿਆਰ ਹੋ ਗਿਆ। ਸਿਸੇਲ ਮੈਰੀਲੀ ਆਪਣੇ ਕੋਰਸ ਮਗਰੋਂ ਵਾਪਸ ਫਰਾਂਸ ਚਲੀ ਗਈ, ਕੁਝ ਦਿਨਾਂ ਤੱਕ ਵੀਡੀਓ ਕਾਲ 'ਤੇ ਗੱਲ ਹੁੰਦੀ ਰਹੀ। ਅਮਿਤ ਦੇ ਪਰਿਵਾਰ ਵਾਲੇ ਉਸ ਦਾ ਵਿਆਹ ਕਿਸੇ ਹੋਰ ਕੁੜੀ ਨਾਲ ਕਰਨਾ ਚਾਹ ਰਹੇ ਸਨ ਤਾਂ ਅਮਿਤ ਨੇ ਆਪਣੇ ਪਿਆਰ ਦੀ ਕਹਾਣੀ ਆਪਣੇ ਪਰਿਵਾਰ ਨੂੰ ਦੱਸ ਦਿੱਤੀ ਪਰ ਵਿਆਹ ਲਈ ਸਹਿਮਤੀ ਨਾ ਬਣ ਸਕਣ ਮਗਰੋਂ ਅਮਿਤ ਨਵੰਬਰ 2021 ਨੂੰ ਆਪਣਾ ਘਰ ਅਤੇ ਨੌਕਰੀ ਛੱਡ ਕੇ ਫਰਾਂਸ ਚਲਾ ਗਿਆ। ਸਿਸੇਲ ਮੈਰੀਲੀ ਨੇ ਆਰਟਸ ਵਿਚ ਮਾਸਟਰਜ਼ ਕੀਤੀ ਤਾਂ ਉਸ ਨੂੰ ਫਰਾਂਸ ਵਿਚ ਸਰਕਾਰੀ ਨੌਕਰੀ ਮਿਲ ਗਈ। ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਲੱਗੇ।
ਦੋਵੇਂ ਫਰਾਂਸ 'ਚ ਹੀ ਰਹਿਣਗੇ
ਅਮਿਤ ਨੇ ਦੱਸਿਆ ਕਿ ਉਹ ਯੋਗਾ ਟੀਚਰ ਹੈ। ਸਾਲ 2019 ਵਿਚ ਸਿਸੇਲ ਮੈਰੀਲੀ ਯੋਗਾ ਕਲਾਸ ਲੈਣ ਲਈ ਰਿਸ਼ੀਕੇਸ਼ ਆਈ ਤਾਂ ਪਹਿਲੇ ਨਜ਼ਰ ਉਸ ਨਾਲ ਪਿਆਰ ਹੋ ਗਿਆ। ਯੋਗਾ ਕਲਾਸ ਖਤਮ ਹੁੰਦੇ ਹੀ ਉਹ ਆਪਣੇ ਦੇਸ਼ ਫਰਾਂਸ ਪਰਤ ਗਈ ਸੀ। ਕੋਰੋਨਾ ਕਾਰਨ ਉਹ ਇਕ-ਦੂਜੇ ਨੂੰ ਮਿਲ ਨਹੀਂ ਸਕਦੇ ਸੀ। ਫੋਨ ਅਤੇ ਵੀਡੀਓ ਕਾਲ ਜ਼ਰੀਏ ਗੱਲਬਾਤ ਹੁੰਦੀ ਰਹੀ। ਸਿਸੇਲ ਮੈਰੀਲੀ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਚੁੱਕੀ ਸੀ। ਪਰਿਵਾਰ ਵਿਚ ਉਨ੍ਹਾਂ ਦਾ ਭਰਾ ਅਤੇ ਮਾਂ ਹੈ। ਉਨ੍ਹਾਂ ਨੇ ਵਿਆਹ ਕਰਾਉਣ ਦਾ ਫ਼ੈਸਲਾ ਲਿਆ ਅਤੇ ਆਪਣੇ ਮਾਤਾ-ਪਿਤਾ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਹ ਵੀ ਰਾਜੀ ਹੋ ਗਏ। ਫਿਰ ਭਾਰਤ ਆ ਕੇ ਆਪਣੇ ਪਰਿਵਾਰ ਨਾਲ 12 ਦਸੰਬਰ 2024 ਨੂੰ ਸਿਸੇਲ ਮੈਰੀਲੀ ਨਾਲ ਵਿਆਹ ਕਰਵਾ ਲਿਆ। ਪੂਰਾ ਪਰਿਵਾਰ ਅਤੇ ਪਿੰਡ ਦੇ ਲੋਕ ਇਸ ਵਿਆਹ ਤੋਂ ਖੁਸ਼ ਹਨ ਅਤੇ ਸਿਸੇਲ ਮੈਰੀਲੀ ਦੀ ਸਰਕਾਰੀ ਨੌਕਰੀ ਹੋਣ ਕਾਰਨ ਉਹ ਫਰਾਂਸ ਵਿਚ ਹੀ ਰਹਿਣਾ ਚਾਹੁੰਦੇ ਹਨ ਅਤੇ ਇੱਥੇ ਪਰਿਵਾਰ ਕੋਲ ਵੀ ਆਉਂਦੇ ਰਹਿਣਗੇ।
ਹਰ ਕੋਈ ਵਿਆਹ ਦੀ ਕਰ ਰਿਹੈ ਚਰਚਾ
ਅਮਿਤ ਨਰਵਾਰ ਦੇ ਮਾਤਾ-ਪਿਤਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਅਮਿਤ ਦੇ ਵਿਆਹ ਲਈ ਕਿਸੇ ਹੋਰ ਲੜਕੀ ਬਾਰੇ ਸੋਚਿਆ ਸੀ ਪਰ ਉਨ੍ਹਾਂ ਨੇ ਆਪਣੇ ਬੇਟੇ ਦੇ ਪਿਆਰ ਅਤੇ ਖੁਸ਼ੀ ਦੇ ਸਾਹਮਣੇ ਆਪਣਾ ਫੈਸਲਾ ਬਦਲ ਲਿਆ। ਉਨ੍ਹਾਂ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਵਿਆਹ ਵਿਚ ਆਸ਼ੀਰਵਾਦ ਦਿੱਤਾ ਹੈ, ਉਹ ਜਿੱਥੇ ਚਾਹੁਣ ਰਹਿ ਸਕਦੇ ਹਨ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਇਸ ਵਿਆਹ ਨੂੰ ਲੈ ਕੇ ਪਿੰਡ 'ਚ ਖੁਸ਼ੀ ਦਾ ਮਾਹੌਲ ਹੈ, ਹਰ ਕੋਈ ਇਸ ਵਿਆਹ ਦੀ ਚਰਚਾ ਕਰ ਰਿਹਾ ਹੈ।