ਸੜ ਕੇ ਸੁਆਹ ਹੋਈ ਹਰਿਆਣਾ ਰੋਡਵੇਜ਼ ਦੀ ਬੱਸ, ਡਰਾਈਵਰ ਦੀ ਸੂਝ-ਬੂਝ ਨਾਲ ਟਲਿਆ ਵੱਡਾ ਹਾਦਸਾ
Wednesday, Aug 16, 2023 - 05:07 PM (IST)
ਫਰੀਦਾਬਾਦ- ਗੁਰੂਗ੍ਰਾਮ ਤੋਂ ਆ ਰਹੀ ਹਰਿਆਣਾ ਰੋਡਵੇਜ਼ ਦੀ ਸੀ. ਐੱਨ. ਜੀ. ਬੱਸ 'ਚ ਅਚਾਨਕ ਉਸ ਸਮੇਂ ਧੂੰਆਂ ਉਠਣ ਲੱਗਾ, ਜਦੋਂ ਬੱਸ ਸੈਨਿਕ ਕਾਲੋਨੀ ਦੇ ਗੇਟ ਨੰਬਰ-1 ਕੋਲ ਪਹੁੰਚੀ। ਡਰਾਈਵਰ ਨੇ ਸੂਝ-ਬੂਝ ਦੇ ਚੱਲਦੇ ਬੱਸ ਨੂੰ ਬਰੇਕ ਲਾ ਦਿੱਤੀ ਅਤੇ ਉਸ ਵਿਚ ਬੈਠੀਆਂ ਸਵਾਰੀਆਂ ਨੂੰ ਉਤਾਰ ਕੇ ਇੱਧਰ-ਉੱਧਰ ਦੌੜਨ ਲੱਗੀਆਂ। ਵੇਖਦੇ ਹੀ ਵੇਖਦੇ ਬੱਸ 'ਚੋਂ ਅੱਗ ਦੀਆਂ ਲਪਟਾਂ ਉਠਣ ਲੱਗੀਆਂ ਅਤੇ ਪੂਰੀ ਬੱਸ ਧੂਹ-ਧੂਹ ਨੇ ਸੜਨ ਲੱਗੀ।
ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਵੀ ਸਵਾਰੀ ਜ਼ਖ਼ਮੀ ਨਹੀਂ ਹੋਈ। ਘਟਨਾ ਦੇ ਚਸ਼ਮਦੀਦ ਟੈਕਸੀ ਡਰਾਈਵਰ ਰਾਸ਼ਿਦ ਨੇ ਦੱਸਿਆ ਕਿ ਇਹ ਬੱਸ ਗੁਰੂਗ੍ਰਾਮ ਤੋਂ ਫਰੀਦਾਬਾਦ ਵੱਲ ਆ ਰਹੀ ਸੀ, ਜਿਸ ਵਿਚ ਧੂੰਆਂ ਨਿਕਲਦੇ ਹੋਏ ਵੇਖਿਆ ਗਿਆ ਅਤੇ ਸਵਾਰੀਆਂ ਉਤਰ ਕੇ ਇੱਧਰ-ਉੱਧਰ ਦੌੜਨ ਲੱਗੀਆਂ। ਫਿਰ ਵੇਖਦੇ-ਵੇਖਦੇ ਬੱਸ ਅੱਗ ਦੀਆਂ ਲਪਟਾਂ ਵਿਚ ਘਿਰ ਗਈ। ਹਫੜਾ-ਦਫੜੀ 'ਚ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ 'ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਬੱਸ ਸੜ ਕੇ ਸੁਆਹ ਹੋ ਚੁੱਕੀ ਸੀ। ਇਸ ਹਾਦਸੇ ਕਾਰਨ ਇਲਾਕੇ 'ਚ ਭਾਰੀ ਅਤੇ ਲੰਬਾ ਜਾਮ ਲੱਗ ਗਿਆ।
ਬੱਸ ਡਰਾਈਵਰ ਮੋਨੂੰ ਨੇ ਦੱਸਿਆ ਕਿ ਚੱਲਦੀ ਹੋਈ ਬੱਸ ਤੋਂ ਅਚਾਨਕ ਧੂੰਆਂ ਨਿਕਲਣ ਲੱਗਾ ਤਾਂ ਉਸ ਨੇ ਤੁਰੰਤ ਬੱਸ ਰੋਕ ਦਿੱਤੀ। ਉਸ ਸਮੇਂ ਬੱਸ ਵਿਚ ਸਿਰਫ਼ 10 ਸਵਾਰੀਆਂ ਸਨ, ਜੋ ਸਮੇਂ ਰਹਿੰਦੇ ਬੱਸ ਵਿਚੋਂ ਬਾਹਰ ਆ ਗਈਆਂ। ਉੱਥੇ ਹੀ ਟ੍ਰੈਫਿਕ ਪੁਲਸ ਦੇ ਸਬ-ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚ ਗਏ ਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਈਆਂ ਸਨ। ਉਨ੍ਹਾਂ ਮੁਤਾਬਕ ਇਸ ਹਾਦਸੇ ਵਿਚ ਕਿਸੇ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ ਹੈ।