ਹਰਿਆਣਾ ਚੋਣਾਂ: ਵੋਟਰਾਂ 'ਚ ਉਤਸ਼ਾਹ, ਜਾਣੋ ਦੁਪਹਿਰ 3 ਵਜੇ ਤੱਕ ਦੀ ਵੋਟਿੰਗ ਦਾ ਹਾਲ

Saturday, Oct 05, 2024 - 05:08 PM (IST)

ਚੰਡੀਗੜ੍ਹ- ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਸਵੇਰੇ 7 ਵਜੇ ਤੋਂ ਸਾਰੀਆਂ 90 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ ਅਤੇ ਦੁਪਹਿਰ 3 ਵਜੇ ਤੱਕ 49.13 ਫ਼ੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਦਫ਼ਤਰ ਮੁਤਾਬਕ ਸਵੇਰ ਤੋਂ ਹੀ ਵੋਟਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਵੇਖੀਆਂ ਗਈਆਂ। ਚੰਗੀ ਖ਼ਬਰ ਇਹ ਹੈ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਅਤੇ EVM ਖਰਾਬ ਹੋਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। 

PunjabKesari

ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਰਜਿਸਟਰਡ 2.04 ਕਰੋੜ ਵੋਟਾਂ ਵਿਚੋਂ 1.07 ਕਰੋੜ ਪੁਰਸ਼, 95.78 ਲੱਖ ਔਰਤਾਂ ਅਤੇ 467 ਟਰਾਂਸਜੈਂਡਰ ਵੋਟਰ ਹਨ। ਪਹਿਲੀ ਵਾਰ ਵੋਟਿੰਗ ਕਰਨ ਵਾਲੇ 18  ਤੋਂ 19 ਸਾਲ ਦੀ ਉਮਰ ਦੇ 5.25 ਲੱਖ ਨੌਜਵਾਨ ਵੋਟਰ ਹਨ ਅਤੇ 1.49 ਲੱਖ ਦਿਵਿਆਂਗ ਵੋਟਰ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਇਸ ਤੋਂ ਇਲਾਵਾ 85 ਸਾਲ ਤੋਂ ਵੱਧ ਉਮਰ ਦੇ 2.31 ਲੱਖ ਅਤੇ 100 ਸਾਲ ਤੋਂ ਵੱਧ ਉਮਰ ਦੇ 8,821 ਵੋਟਰ ਹਨ। ਨੌਕਰੀ ਕਰਨ ਵਾਲੇ ਵੋਟਰਾਂ ਦੀ ਕੁੱਲ ਗਿਣਤੀ 1.09 ਲੱਖ ਹੈ।

PunjabKesari

ਓਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੋਟ ਪਾਉਣ ਮਗਰੋਂ ਕਿਹਾ ਕਿ 'ਕੋਈ ਦਿਲ ਦੀ ਧੜਕਨ ਨਹੀਂ ਵੱਡੀ ਹੈ, ਸਾਡੀ ਸਰਕਾਰ ਆ ਰਹੀ ਹੈ।' ਵੋਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਜਨਤਾ ਦੇ ਸੁੱਖ, ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਸੂਬੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਵੇਰੇ 7 ਵਜੇ ਹੀ ਆਪਣੀ ਵੋਟ ਪਾਉਣ ਲਈ ਕਰਨਾਲ ਵਿਚ ਪੋਲਿੰਗ ਬੂਥ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਸਾਲ 2014 ਦਾ ਜੋ ਸਾਡਾ ਚੋਣ ਨਤੀਜਾ ਸੀ, ਉਸ ਤੋਂ ਵੀ ਵੱਧ-ਚੜ੍ਹ ਕੇ ਸੀਟਾਂ ਆਉਣਗੀਆਂ।

PunjabKesari

ਸਿਰਸਾ ਤੋਂ ਕਾਂਗਰਸ ਸੰਸਦ ਕੁਮਾਰੀ ਸ਼ੈਲਜਾ ਨੇ ਹਿਸਾਰ ਵਿਚ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਹਰਿਆਣਾ ਵਿਚ ਆ ਰਹੀ ਹੈ। ਭਾਜਪਾ 10 ਸਾਲ ਸੱਤਾ 'ਚ ਸੀ ਅਤੇ 10 ਸਾਲ ਦਾ ਕੁਸ਼ਾਸਨ ਆਪਣੀ ਕਹਾਣੀ ਬਿਆਨ ਕਰ ਰਿਹਾ ਹੈ। ਕਾਂਗਰਸ ਹੀ ਇਕੋ ਇਕ ਵਿਕਲਪ ਹੈ। ਜਨਨਾਇਕ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੋਟ ਪਾਉਣ ਤੋਂ ਬਾਅਦ ਟਵੀਟ ਕੀਤਾ ਕਿ ਅਸੀਂ ਆਪਣਾ ਫਰਜ਼ ਨਿਭਾਇਆ ਹੈ, ਤੁਸੀਂ ਵੀ ਆਪਣਾ ਫਰਜ਼ ਨਿਭਾਓਗੇ... ਹਰ ਕੋਈ ਵੋਟ ਪਾਉਣ ਜਾਵੇ।

PunjabKesari

ਜਿਨ੍ਹਾਂ ਸੀਟਾਂ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਉਨ੍ਹਾਂ 'ਚ ਕੁਰੂਕਸ਼ੇਤਰ ਦੀ ਲਾਡਵਾ ਸੀਟ, ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੋਣ ਲੜ ਰਹੇ ਹਨ। ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਸੀਟ ਤੋਂ, ਸਾਬਕਾ ਉਪ ਮੁੱਖ ਮੰਤਰੀ  ਦੁਸ਼ਯੰਤ ਚੌਟਾਲਾ ਜੀਂਦ ਦੀ ਉਚਾਨਾ ਕਲਾਂ ਸੀਟ ਤੋਂ ਚੋਣ ਮੈਦਾਨ 'ਚ ਹਨ। ਕਾਂਗਰਸ ਨੇ ਜੀਂਦ ਦੀ ਜੁਲਾਨਾ ਸੀਟ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਮੈਦਾਨ 'ਚ ਉਤਾਰਿਆ ਹੈ। ਇਸ ਤੋਂ ਇਲਾਵਾ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਹਿਸਾਰ ਦੀ ਰਹਿਣ ਵਾਲੀ ਹੈ, ਜੋ ਭਾਜਪਾ ਦੀ ਟਿਕਟ 'ਤੇ ਨਹੀਂ ਸਗੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ। 

PunjabKesari


Tanu

Content Editor

Related News