ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ

Saturday, Oct 17, 2020 - 03:12 PM (IST)

ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਸ਼ੌਂਕ ਪੂਰੇ ਕਰਨ ਲਈ ਪਤੀ ਕਰ ਰਿਹਾ ਸੀ ਵੱਡੀ ਗੱਡੀ ਦੀ ਮੰਗ

ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਕਿਵਾਨਾ 'ਚ ਇਕ 20 ਸਾਲਾ ਵਿਆਹੁਤਾ ਦਾਜ ਦੀ ਬਲੀ ਚੜ੍ਹ ਗਈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪੱਖ ਦੇ ਲੋਕਾਂ 'ਤੇ ਦਾਜ ਨਾ ਦੇਣ 'ਤੇ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਆਂਚਲ ਦੇ ਮਾਮਾ ਜਿਤੇਂਦਰ ਦਾ ਕਹਿਣਾ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਪਤੀ ਦੀਪਕ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰਦਾ ਸੀ ਅਤੇ ਦਾਜ ਲਈ ਦਬਾਅ ਬਣਾਉਂਦਾ ਸੀ। ਪਤੀ ਦੀਪਕ ਵਲੋਂ ਫਾਰਚਿਊਨਰ ਗੱਡੀ ਅਤੇ ਸ਼ਹਿਰ 'ਚ ਪਲਾਟ ਦਿਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਆਂਚਲ ਦੇ ਪਰਿਵਾਰ ਵਾਲਿਆਂ ਨੇ ਪਤੀ 'ਤੇ ਦੋਸ਼ ਲਗਾਇਆ ਹੈ ਕਿ ਉਸ ਕੋਲ ਜ਼ਮੀਨ ਜ਼ਿਆਦਾ ਹੋਣ ਕਾਰਨ ਉਸ ਦੇ ਸ਼ੌਂਕ ਵੱਡੇ ਸਨ ਅਤੇ ਉਹ ਆਪਣੇ ਸ਼ੌਂਕ ਪੂਰੇ ਕਰਨ ਲਈ ਵੱਡੀ ਗੱਡੀ ਦੀ ਮੰਗ ਕਰ ਰਿਹਾ ਸੀ। ਆਂਚਲ ਦੇ ਪੇਕੇ ਪੱਖ ਵਲੋਂ ਜਦੋਂ ਦਾਜ 'ਚ ਵੱਡੀ ਗੱਡੀ ਅਤੇ ਪਲਾਟ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਨੇ ਗਲ੍ਹ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਮਾਰਚ ਮਹੀਨੇ ਹੀ ਆਂਚਲ ਦਾ ਦੀਪਕ ਨਾਲ ਵਿਆਹ ਹੋਇਆ ਸੀ, ਜਿਸ ਦੇ ਬਾਅਦ ਤੋਂ ਉਹ ਆਂਚਲ ਨੂੰ ਦਾਜ ਲਈ ਲਗਾਤਾਰ ਤੰਗ ਕਰ ਰਿਹਾ ਸੀ।

ਜਾਂਚ ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਆਂਚਲ ਦੇ ਪਰਿਵਾਰ ਵਲੋਂ ਦਾਜ ਕਤਲ ਦੀ ਸ਼ਿਕਾਇਤ ਦਿੱਤੀ ਗਈ ਹੈ। ਜਿਸ ਦੇ ਆਧਾਰ 'ਤੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪੀ ਜਾਵੇਗੀ। ਦੋਸ਼ੀ ਪਤੀ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

DIsha

Content Editor

Related News