ਹਰਿਆਣਾ : ਪ੍ਰੇਮ ਵਿਆਹ ਤੋਂ ਨਾਰਾਜ਼ ਸਾਲੇ ਨੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟ

5/31/2020 6:00:12 PM

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ 'ਚ ਇਕ ਕੁੜੀ ਨੇ ਪਰਿਵਾਰ ਦੀ ਮਰਜ਼ੀ ਵਿਰੁੱਧ ਪ੍ਰੇਮ ਵਿਆਹ ਕਰ ਲਿਆ ਸੀ। ਜਿਸ ਤੋਂ ਨਾਰਾਜ਼ ਕੁੜੀ ਦੇ ਭਰਾ ਨੇ ਆਪਣੇ ਜੀਜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਚਿੜੌਦ ਪਿੰਡ ਦੀ ਪੂਜਾ ਨੇ 2 ਸਾਲ ਪਹਿਲਾਂ ਪੇਸ਼ੇ ਤੋਂ ਮੋਟਰਸਾਈਕਲ ਮਕੈਨਿਕ ਨਰੇਂਦਰ ਨਾਲ ਪ੍ਰੇਮ ਵਿਆਹ ਕੀਤਾ ਸੀ। ਕੱਲ ਸ਼ਾਮ ਪੂਜਾ ਦਾ ਭਰਾ ਸਚਿਨ (18) ਆਪਣੇ ਮਮੇਰੇ ਭਰਾ ਅਤੇ ਇਕ ਹੋਰ ਮੁੰਡੇ ਨਾਲ ਹਾਂਸੀ ਮਾਰਗ 'ਤੇ ਨਰੇਂਦਰ ਦੀ ਦੁਕਾਨ 'ਤੇ ਪਹੁੰਚਿਆ ਅਤੇ ਦੁਕਾਨ ਦੇ ਬਾਹਰ ਇਕ ਮੋਟਰ ਸਾਈਕਲ ਦੀ ਮੁਰੰਮਤ ਕਰ ਰਹੇ ਨਰੇਂਦਰ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਈਕ ਸਵਾਰ ਤਿੰਨੋਂ ਹਮਲਾਵਰ ਫਰਾਰ ਹੋ ਗਏ। ਹਾਲਾਂਕਿ ਹਮਲਾਵਰਾਂ ਦੀ ਇਕ ਬਾਈਕ ਮੌਕੇ 'ਤੇ ਛੁੱਟ ਗਈ। ਨਰੇਂਦਰ ਅਤੇ ਪੂਜਾ ਦੁਕਾਨ ਦੇ ਉੱਪਰ ਹੀ ਬਣੇ ਮਕਾਨ 'ਚ ਰਹਿੰਦੇ ਸਨ। ਨਰੇਂਦਰ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਪੂਜਾ ਨੇ ਦੱਸਿਆ ਕਿ ਵਿਆਹ ਕਰਨ ਤੋਂ ਬਾਅਦ ਕੁਝ ਪਰੇਸ਼ਾਨੀਆਂ ਆਈਆਂ ਸਨ ਅਤੇ ਕਈ ਵਾਰ ਪੰਚਾਇਤ ਹੋਈ ਸੀ। ਮਾਮਲਾ ਪੁਲਸ ਦੇ ਨੋਟਿਸ 'ਚ ਲਿਆਂਦਾ ਗਿਆ ਸੀ। ਪੰਚਾਇਤ 'ਚ ਲਿਖਤੀ ਸਮਝੌਤਾ ਹੋਇਆ ਸੀ। ਉਦੋਂ ਪੂਜਾ ਦੇ ਪਿਤਾ ਅਤੇ ਪਰਿਵਾਰ ਵਾਲਿਆਂ ਨੇ ਲਿਖ ਕੇ ਦਿੱਤਾ ਸੀ ਭਵਿੱਖ 'ਚ ਨਰੇਂਦਰ ਅਤੇ ਪੂਜਾ ਕਿਤੇ ਵੀ ਰਹਿਣ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। 2 ਸਾਲ ਬੀਤ ਜਾਣ ਮਗਰੋਂ ਸਭ ਕੁਝ ਆਮ ਚੱਲ ਰਿਹਾ ਸੀ। ਪੂਜਾ ਦੇ ਪਿਤਾ ਵੀ ਉਸ ਕੋਲ ਆਉਂਦੇ ਰਹਿੰਦੇ ਸਨ। ਹੋਰ ਪਰਿਵਾਰ ਵਾਲਿਆਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਸੀ।

ਨਰੇਂਦਰ ਦੇ ਪਿਤਾ ਰਾਜੇਂਦਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸਚਿਨ, ਬਿੰਟੂ, ਪਵਨ, ਇਕ ਹੋਰ ਮੁੰਡੇ ਅਤੇ ਸਚਿਨ ਦੇ ਪਿਤਾ ਅਤੇ ਹੋਰ ਪਰਿਵਾਰ ਵਾਲਿਆਂ 'ਤੇ ਸਾਜਿਸ਼ ਰਚ ਕੇ ਨਰੇਂਦਰ ਦੇ ਕਤਲ ਦਾ ਦੋਸ਼ ਲਗਾਇਆ ਹੈ। ਬਰਵਾਲਾ ਥਾਣਾ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਦੋਸ਼ੀ ਸਚਿਨ, ਬਿੰਟੂ, ਪਵਨ, ਰਮੇਸ਼ ਅਤੇ ਹੋਰ ਵਿਰੁੱਧ ਕਤਲ ਸਮੇਤ ਹੋਰ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ 5 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਨ੍ਹਾਂ 'ਚ ਸੀ.ਆਈ.ਏ., ਏ.ਵੀ.ਟੀ., ਬਰਵਾਲਾ ਥਾਣਾ ਪੁਲਸ ਅਤੇ ਹੋਰ ਸ਼ਾਮਲ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha