VIP ਲੋਕਾਂ ਦੇ ਆਉਣ ਨਾਲ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ 'ਤੇ ਨਾ ਪਏ ਅਸਰ : ਅਨਿਲ ਵਿਜ
Friday, Apr 30, 2021 - 02:11 PM (IST)
ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਿਆਂ ਦੇ ਮੁੱਖ ਮੈਡੀਕਲ ਅਧਿਕਾਰੀਆਂ (ਸੀ.ਐੱਮ.ਓ.) ਨੂੰ ਇਹ ਯਕੀਨੀ ਕਰਨ ਦੇ ਆਦੇਸ਼ ਦਿੱਤੇ ਕਿ ਹਸਪਤਾਲਾਂ 'ਚ ਵੀ.ਆਈ.ਪੀ. ਲੋਕਾਂ ਦੇ ਆਉਣ ਨਾਲ ਕੋਰੋਨਾ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਦਾਖ਼ਲ ਕਰਨ ਦੀ ਪ੍ਰਕਿਰਿਆ 'ਤੇ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਮਰੀਜ਼ ਅਤੇ ਉਨ੍ਹਾਂ ਦਾ ਇਲਾਜ ਪਹਿਲ ਹੋਣੀ ਚਾਹੀਦੀ ਹੈ। ਇਹ ਨਿਰਦੇਸ਼ ਉਦੋਂ ਦਿੱਤੇ ਗਏ ਹਨ, ਜਦੋਂ ਇਕ ਦਿਨ ਪਹਿਲਾਂ ਜੀਂਦ ਸਿਵਲ ਹਸਪਤਾਲ ਦੇ ਇਕ ਮਰੀਜ਼ ਨਾਲ ਆਏ ਇਕ ਵਿਅਕਤੀ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਧਿਆਨ ਇਸ ਵੱਲ ਖਿੱਚਿਆ ਸੀ ਕਿ ਹਸਪਤਾਲ 'ਚ ਉਨ੍ਹਾਂ ਦੇ ਦੌਰੇ ਸਮੇਂ ਅਧਿਕਾਰੀਆਂ ਨੇ ਸਖ਼ਤ ਪ੍ਰੋਟੋਕਾਲ ਲਾਗੂ ਕਰ ਦਿੱਤੇ, ਜਿਸ ਨਾਲ ਮਰੀਜ਼ਾਂ ਦੇ ਰਿਸ਼ਤੇਦਾਰ ਨੂੰ ਥੋੜ੍ਹੀ ਅਸਹੂਲਤ ਹੋਈ।
ਖੱਟੜ ਨੇ ਤੁਰੰਤ ਅਧਿਕਾਰੀਆਂ ਨੇ ਨਿਰਦੇਸ਼ ਦਿੱਤੇ ਕਿ ਕਿਸੇ ਵੀ ਮਰੀਜ਼ ਜਾਂ ਉਨ੍ਹਾਂ ਨਾਲ ਆਏ ਵਿਅਕਤੀ ਨੂੰ ਕੋਈ ਅਸਹੂਲਤ ਨਹੀਂ ਹੋਣੀ ਚਾਹੀਦੀ। ਵਿੱਜ ਨੇ ਟਵੀਟ ਕੀਤਾ,''ਸਾਰੇ ਸੀ.ਐੱਮ.ਓ. ਇਹ ਯਕੀਨੀ ਕਰਨ ਕਿ ਹਸਪਤਾਲਾਂ 'ਚ ਵੀ.ਆਈ.ਪੀ. ਲੋਕਾਂ ਦੇ ਆਉਣ ਦੌਰਾਨ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਦਾਖ਼ਲ ਕਰਨ 'ਤੇ ਕੋਈ ਅਸਰ ਨਾ ਪਵੇ। ਸਾਡੀ ਪਹਿਲੀ ਪਹਿਲ ਮਰੀਜ਼ ਅਤੇ ਉਨ੍ਹਾਂ ਦਾ ਇਲਾਜ ਹੈ।'' ਇਕ ਹੋਰ ਟਵੀਟ 'ਚ ਮੰਤਰੀ ਨੇ ਹਰਿਆਣਾ 'ਚ ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਹੋਰ ਸੰਗਠਨਾਂ ਤੋਂ ਰਾਜ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕੋਰੋਨਾ ਮਰੀਜ਼ਾਂ ਲਈ 'ਰੋਟੀ ਬੈਂਕ' ਖੋਲ੍ਹਣ ਦੀ ਵੀ ਅਪੀਲ ਕੀਤੀ ਜਾਂਦੀ ਹੈ ਜਿਵੇਂ ਕਿ ਸਿਵਲ ਹਸਪਤਾਲ ਅੰਬਾਲਾ ਛਾਉਣੀ 'ਚ ਕੀਤਾ ਜਾ ਰਿਹਾ ਹੈ। ਜੇਕਰ ਉਹ ਚਾਹੁਣ ਤਾਂ ਅੰਬਾਲਾ ਛਾਉਣੀ 'ਚ ਰੋਟੀ ਬੈਂਕ ਦੇਖਣ ਜਾ ਸਕਦੇ ਹਨ।'' 'ਰੋਟੀ ਬੈਂਕ' ਇਕ ਐੱਨ.ਜੀ.ਓ. ਦੀ ਪਹਿਲ ਹੈ, ਜਿਸ ਦੇ ਅਧੀਨ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ 'ਚ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਇਕ ਵਿਅਕਤੀ ਨੂੰ ਮੁਫ਼ਤ ਭੋਜਨ ਦਿੱਤਾ ਜਾਂਦਾ ਹੈ।