58 ਸਾਲਾਂ ਤੋਂ ਹਰਿਆਣਾ ਨੂੰ ਹੈਟ੍ਰਿਕ ਦੀ ਉਡੀਕ, ਸਿਆਸੀ ਸਫਰ ’ਚ ਲਗਾਤਾਰ ਕੋਈ ਵੀ ਪਾਰਟੀ ਨਹੀਂ ਜਿੱਤ ਸਕੀ 3 ਵਾਰ

Sunday, Aug 18, 2024 - 12:26 AM (IST)

58 ਸਾਲਾਂ ਤੋਂ ਹਰਿਆਣਾ ਨੂੰ ਹੈਟ੍ਰਿਕ ਦੀ ਉਡੀਕ, ਸਿਆਸੀ ਸਫਰ ’ਚ ਲਗਾਤਾਰ ਕੋਈ ਵੀ ਪਾਰਟੀ ਨਹੀਂ ਜਿੱਤ ਸਕੀ 3 ਵਾਰ

ਨੈਸ਼ਨਲ ਡੈਸਕ- ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਸਿਆਸੀ ਸ਼ਤਰੰਜ ਵਿਛ ਚੁੱਕੀ ਹੈ ਅਤੇ ਮੋਹਰੇ ਸਜਣੇ ਸ਼ੁਰੂ ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਹਰਿਆਣਾ ਦੇ 58 ਸਾਲਾਂ ਦੇ ਹੁਣ ਤਕ ਦੇ ਸਿਆਸੀ ਇਤਿਹਾਸ ਵਿਚ 11 ਨੇਤਾ ਮੁੱਖ ਮੰਤਰੀ ਬਣ ਚੁੱਕੇ ਹਨ। ਹੁਣ ਤਕ ਕੋਈ ਵੀ ਸਿਆਸੀ ਪਾਰਟੀ ਜਿੱਤ ਦੀ ਹੈਟ੍ਰਿਕ ਨਹੀਂ ਲਾ ਸਕੀ। ਅਜਿਹੀ ਸਥਿਤੀ ’ਚ ਹੁਣ 1 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਗੱਲ ਇਹ ਹੋਵੇਗੀ ਕਿ ਸੱਤਾਧਾਰੀ ਪਾਰਟੀ ਭਾਜਪਾ ਕੀ ਲਗਾਤਾਰ ਤੀਜੀ ਵਾਰ ਸੱਤਾ ’ਤੇ ਕਾਬਜ਼ ਹੋ ਕੇ ਨਵਾਂ ਰਿਕਾਰਡ ਕਾਇਮ ਕਰਦੀ ਹੈ ਜਾਂ ਫਿਰ ਹਰਿਆਣਾ ਦਾ ਪੁਰਾਣਾ ਸਿਆਸੀ ਰਿਕਾਰਡ ਬਰਕਰਾਰ ਰਹਿੰਦਾ ਹੈ।

1968 ਤੋਂ 1975 ਤਕ ਲਗਾਤਾਰ 7 ਸਾਲ ਤਕ ਮੁੱਖ ਮੰਤਰੀ ਰਹੇ ਚੌਧਰੀ ਬੰਸੀ ਲਾਲ

ਭਗਵਤ ਦਿਆਲ ਸ਼ਰਮਾ ਤੋਂ ਬਾਅਦ ਚੌਧਰੀ ਬੰਸੀ ਲਾਲ ਕਾਂਗਰਸ ਦੇ ਅਜਿਹੇ ਨੇਤਾ ਰਹੇ ਹਨ, ਜਿਨ੍ਹਾਂ ਨੂੰ ਲਗਾਤਾਰ 2 ਵਾਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਆਧੁਨਿਕ ਹਰਿਆਣਾ ਦਾ ਨਿਰਮਾਤਾ ਕਿਹਾ ਜਾਂਦਾ ਸੀ। ਉਹ ਪਹਿਲੀ ਵਾਰ 1968 ’ਚ ਸੂਬੇ ਦੇ ਮੁੱਖ ਮੰਤਰੀ ਬਣੇ ਸਨ। ਨਵੰਬਰ 1967 ’ਚ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਇਆ, ਜਿਸ ਤੋਂ ਲੱਗਭਗ 6 ਮਹੀਨਿਆਂ ਬਾਅਦ ਇੱਥੇ ਮਈ 1968 ’ਚ ਵਿਧਾਨ ਸਭਾ ਚੋਣਾਂ ਹੋਈਆਂ। ਕਾਂਗਰਸ ਨੂੰ 81 ਵਿਚੋਂ 48 ਸੀਟਾਂ ’ਤੇ ਜਿੱਤ ਮਿਲੀ। ਰਾਵ ਬੀਰੇਂਦਰ ਸਿੰਘ ਦੀ ਵਿਸ਼ਾਲ ਹਰਿਆਣਾ ਪਾਰਟੀ ਦੇ 16 ਵਿਧਾਇਕ ਚੁਣ ਕੇ ਆਏ। ਉਸ ਵੇਲੇ ਕਾਂਗਰਸ ਵੱਲੋਂ ਭਗਵਤ ਦਿਆਲ ਸ਼ਰਮਾ ਤੇ ਚੌਧਰੀ ਦੇਵੀ ਲਾਲ ਦੋਵਾਂ ਨੂੰ ਚੋਣ ਨਹੀਂ ਲੜਾਈ ਗਈ।

ਦੋਵੇਂ ਹੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਨ ਅਤੇ ਚਾਹਵਾਨ ਵੀ ਪਰ ਕਾਂਗਰਸ ਹਾਈਕਮਾਨ ਨੇ ਚੌਧਰੀ ਬੰਸੀ ਲਾਲ ਦੇ ਨਾਂ ’ਤੇ ਮੋਹਰ ਲਾ ਦਿੱਤੀ, ਜੋ 41 ਸਾਲ ਦੀ ਉਮਰ ਵਿਚ 21 ਮਈ 1968 ਨੂੰ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਬੰਸੀ ਲਾਲ ਨੇ 1973 ਵਿਚ ਪ੍ਰਸਤਾਵਤ ਹਰਿਆਣਾ ਵਿਧਾਨ ਸਭਾ ਚੋਣਾਂ ਇਕ ਸਾਲ ਪਹਿਲਾਂ ਹੀ 1972 ’ਚ ਕਰਵਾਉਣ ਦਾ ਫੈਸਲਾ ਕੀਤਾ। ਵਿਧਾਨ ਸਭਾ ਭੰਗ ਕਰ ਦਿੱਤੀ ਗਈ ਅਤੇ ਜਨਵਰੀ 1972 ’ਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਈਆਂ।

ਇਸ ਵਾਰ ਕਾਂਗਰਸ ਨੂੰ 1968 ਦੀਆਂ 48 ਸੀਟਾਂ ਦੇ ਮੁਕਾਬਲੇ 52 ਸੀਟਾਂ ’ਤੇ ਜਿੱਤ ਮਿਲੀ। ਰਾਵ ਬੀਰੇਂਦਰ ਸਿੰਘ ਦੀ ਵਿਸ਼ਾਲ ਹਰਿਆਣਾ ਪਾਰਟੀ ਅਸਰ ਨਹੀਂ ਵਿਖਾ ਸਕੀ ਅਤੇ 1972 ’ਚ ਚੌਧਰੀ ਬੰਸੀ ਲਾਲ ਦੂਜੀ ਵਾਰ ਮੁੱਖ ਮੰਤਰੀ ਬਣ ਗਏ। ਇਸ ਵਾਰ ਉਨ੍ਹਾਂ ਦਾ ਕਾਰਜਕਾਲ 1975 ਤਕ ਰਿਹਾ। 1975 ’ਚ ਉਨ੍ਹਾਂ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਨੇ ਆਪਣੀ ਕੈਬਨਿਟ ਵਿਚ ਰੱਖਿਆ ਮੰਤਰੀ ਬਣਾ ਦਿੱਤਾ। ਉਨ੍ਹਾਂ ਦੀ ਜਗ੍ਹਾ ਬਨਾਰਸੀ ਦਾਸ ਗੁਪਤਾ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ।


author

Rakesh

Content Editor

Related News