ਨੂਹ ਹਿੰਸਾ 'ਤੇ ਸਰਕਾਰ ਦਾ ਵੱਡਾ ਐਕਸ਼ਨ, SP ਤੋਂ ਬਾਅਦ DC ਦਾ ਤਬਾਦਲਾ
Saturday, Aug 05, 2023 - 06:50 PM (IST)
ਗੁਰੂਗ੍ਰਾਮ- ਨੂਹ ਹਿੰਸਾ ਤੋਂ ਬਾਅਦ ਹਰਿਆਣਾ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ। ਸਰਕਾਰ ਹਿੰਸਾ ਤੋਂ ਬਾਅਦ ਕਮੀਆਂ ਨੂੰ ਖੰਘਾਲਣ 'ਚ ਲੱਗੀ ਹੋਈ ਹੈ। ਦੱਸ ਦੇਈਏ ਕਿ ਨੂਹ ਦੇ ਐੱਸ.ਪੀ. ਵਰੁਣ ਸਿੰਗਲਾ ਦੇ ਤਬਾਦਲੇ ਤੋਂ ਬਾਅਦ ਹੁਣ ਡੀ.ਸੀ. ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ। ਨੂਹ ਦੇ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਪੰਵਾਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨੂਹ ਦੇ ਨਵੇਂ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਲੈਣਗੇ। ਐੱਸ.ਪੀ. ਨਰਿੰਦਰ ਸਿੰਘ ਬਿਜਾਰਨੀਆ ਨੂੰ ਵਰੁਣ ਸਿੰਗਲਾ ਦੀ ਥਾਂ 'ਤੇ ਨੂਹ ਦੇ ਐੱਸ.ਪੀ. ਵਜੋ ਜ਼ਿੰਮੇਵਾਰੀ ਸੌਂਪੀ ਗ ਹੈ।
ਨੂਹ ਹਿੰਸਾ 'ਤੇ ਅਨਿਲ ਵਿਜ ਨੇ ਕੀ ਕਿਹਾ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ 'ਚ ਹਾਲ 'ਚ ਹੋਈਆਂ ਫਿਰਕੂ ਝੜਪਾਂ ਦੇ ਸਿਲਸਿਲੇ 'ਚ ਹੁਣ ਤਕ ਕੁੱਲ 202 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 80 ਨੂੰ ਹਿਰਾਸਤ 'ਚ ਲਿਆ ਗਿਆ ਹੈ। ਵਿਜ ਨੇ ਇਹ ਵੀ ਕਿਹਾ ਕਿ ਝੜਪਾਂ ਦੇ ਸੰਬੰਧ 'ਚ ਹੁਣ ਤੱਕ 102 ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ ਅੱਧੀਆਂ ਇਕੱਲੇ ਨੂਹ 'ਚ ਅਤੇ ਬਾਕੀ ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਸਮੇਤ ਹੋਰ ਜ਼ਿਲ੍ਹਿਆਂ 'ਚ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਅੰਬਾਲਾ 'ਚ ਕਿਹਾ ਕਿ ਮੈਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਨ੍ਹਾਂ ਘਟਨਾਵਾਂ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਜ ਨੇ ਇਹ ਵੀ ਕਿਹਾ ਕਿ ਜਾਂਚ ਜਾਰੀ ਹੈ। ਮੰਤਰੀ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਉਸ ਤੋਂ ਕਾਨੂੰਨ ਅਨੁਸਾਰ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਹਿੰਸਾ ਤੋਂ ਬਾਅਦ ਅਧਿਕਾਰੀਆਂ 'ਤੇ ਸਰਕਾਰ ਸਖ਼ਤ
31 ਜੁਲਾਈ ਨੂੰ ਬ੍ਰਜ ਮੰਡਲ ਯਾਤਰਾ ਦੌਰਾਨ ਹਰਿਆਣਾ ਦੇ ਨੂਹ 'ਚ ਦੋ ਭਾਈਚਾਰਿਆਂ ਵਿਚਾਲੇ ਹਿੰਸਕ ਝੜਪ ਹੋਈ ਸੀ। ਹਿੰਸਕ ਝੜਪ 'ਚ ਦੋ ਹੋਮ ਗਾਰਡ ਸਣੇ 6 ਲੋਕਾਂ ਦੀ ਮੌਤ ਹੋਈ। ਹਾਲਾਤ 'ਤੇ ਕਾਬੂ ਪਾਉਣ ਲਈ ਸਰਕਾਰ ਨੇ ਫਿਲਹਾਲ ਨੂਹ, ਪਲਵਲ, ਫਰੀਦਾਬਾਦ, ਮਾਨੇਸਰ, ਸੋਹਨਾ ਅਤੇ ਪਟੌਦੀ 'ਚ ਇੰਟਰਨੈੱਟ ਬੰਦ ਕਰ ਦਿੱਤਾ ਹੈ। ਇਸ ਵਿਚਕਾਰ, ਨੂਹ ਹਿੰਸਾ ਨਾਲ ਸੰਬੰਧਤ 6 ਵੱਖ-ਵੱਖ ਮਾਮਲਿਆਂ 'ਚ 23 ਕਥਿਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ।
ਨੂਹ ਦੇ ਐੱਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ
ਨੂਹ ਹਿੰਸਾ ਤੋਂ ਬਾਅਦ ਛੁੱਟੀ ਤੋਂ ਪਰਤਦੇ ਹੀ ਹਰਿਆਣਾ ਸਰਕਾਰਕ ਨੇ ਨੂਹ ਦੇ ਐੱਸ.ਪੀ. ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿੱਤਾ। ਜਲੂਸ ਤੋਂ ਪਹਿਲਾਂ ਵਰੁਣ ਸਿੰਗਲਾ ਛੁੱਟੀ 'ਤੇ ਸਨ। ਨਰੇਂਦਰ ਬਿਜਾਰਨੀਆ ਨੂੰ ਨੂਹ ਦਾ ਐੱਸ.ਪੀ. ਨਿਯੁਕਤ ਕੀਤਾ ਗਿਆ ਹੈ। ਵਰੁਣ ਸਿੰਗਲਾ ਦੇ ਛੁੱਟੀ 'ਤੇ ਹੋਣ ਕਾਰਨ ਨਰੇਂਦਰ ਬਿਜਾਰਨੀਆ ਨੂੰ ਪਹਿਲਾਂ ਹੀ ਭਿਵਾਨੀ ਤੋਂ ਨੂਹ ਭੇਜ ਦਿੱਤਾ ਗਿਆ ਸੀ।
ਨੂਹ 'ਚ ਹਿੰਸਾ ਤੋਂ ਬਾਅਦ ਮੁਸਲਿਮ ਪਰਿਵਾਰਾਂ ਨੇ ਗੁਰੂਗ੍ਰਾਮ ਤੋਂ ਪਲਾਇਨ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੀਤਲਾ ਕਲੋਨੀ, ਨਿਊ ਪਾਮ ਵਿਹਾਰ ਅਤੇ ਬਾਦਸ਼ਾਹਪੁਰ ਸਣੇ ਝੁੱਗੀ-ਝੋਂਪੜੀਆਂ 'ਚ ਰਹਿਣ ਵਾਲੇ ਮੁਸਲਿਮ ਪਰਿਵਾਰ ਆਪਣੇ ਮੂਲ ਨਿਵਾਸ 'ਤੇ ਚਲੇ ਗਏ ਹਨ। ਨੂਹ 'ਚ ਹਿੰਸਾ ਤੋਂ ਬਾਅਦ ਹੁਣ ਗੁਰੂਗ੍ਰਾਮ 'ਚ ਵੀ ਹਿੰਸਾ ਦੀਆਂ ਕੁਝ ਘਟਨਾਵਾਂ ਹੋਈਆਂ ਹਨ, ਜਿਸ ਤੋਂ ਉਹ ਡਰੇ ਹੋਏ ਹਨ।