ਹਰਿਆਣਾ ਸਰਕਾਰ ਨੇ ਵਧਾਇਆ ਵਿਦਿਆਰਥੀ ਬੱਸ ਪਾਸ ਕਿਰਾਇਆ, ਕਾਂਗਰਸ ਨੇ ਕੀਤੀ ਨਿੰਦਾ
Tuesday, Dec 22, 2020 - 07:00 PM (IST)
ਹਰਿਆਣਾ- ਕੋਰੋਨਾ ਕਾਲ 'ਚ ਰੋਡਵੇਜ਼ ਦੀ ਆਮਦਨੀ ਘੱਟ ਹੋਣ ਕਾਰਨ ਹਰਿਆਣਾ ਸਰਕਾਰ ਨੇ ਵਿਦਿਆਰਥੀਆਂ ਦੇ ਪਾਸ 'ਤੇ ਛੋਟ ਘਟਾ ਦਿੱਤੀ ਹੈ। ਸਰਕਾਰ ਨੇ ਮੰਥਲੀ ਪਾਸ ਦਾ ਕਿਰਾਇਆ 16 ਰੁਪਏ ਤੋਂ ਲੈ ਕੇ 192 ਰੁਪਏ ਤੱਕ ਵਧਾਇਆ ਹੈ, ਜਿਸ ਦੀ ਕਾਂਗਰਸ ਨੇ ਨਿੰਦਾ ਕੀਤੀ ਹੈ। ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਮਨੋਹਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਹਰਿਆਣਾ ਸਰਕਾਰ ਵਲੋਂ 'ਵਿਦਿਆਰਥੀ ਬੱਸ ਪਾਸ' ਕਿਰਾਏ 'ਚ 47 ਫੀਸਦੀ ਵਾਧੇ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ, ਅਸੀਂ ਇਸ ਨੂੰ ਤੁਰੰਤ ਵਾਪਸ ਲਏ ਜਾਣ ਦੀ ਮੰਗ ਕਰਦੇ ਹਾਂ। ਉਨ੍ਹਾਂ ਨੇਅੱਗੇ ਟਵੀਟ 'ਚ ਲਿਖਿਆ ਕਿ ਇਸ ਵਾਧੇ ਨਾਲ ਸਕੂਲ, ਕਾਲਜ, ਯੂਨੀਵਰਸਿਟੀ, ਪਾਲੀਟੈਕਨਿਕ ਸੰਸਥਾਵਾਂ 'ਚ ਜਾਣ ਵਾਲੇ ਇਕ ਲੱਖ ਤੋਂ ਵੱਧ ਵਿਦਿਆਰਥੀ ਪ੍ਰਭਾਵਿਤ ਹੋਣਗੇ ਅਤੇ ਉਨ੍ਹਾਂ ਦੀ ਸਿੱਖਿਆ ਮਹਿੰਗੀ ਹੋ ਜਾਵੇਗੀ।
ਸੁਰਜੇਵਾਲਾ ਨੇ ਕਿਹਾ ਕਿ ਜਨਤਾ ਪਹਿਲਾਂ ਹੀ ਕੋਰੋਨਾ, ਵਧਦੀ ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਤੋਂ ਪੀੜਤ ਸਨ, ਅਜਿਹੇ 'ਚ ਜਨਤਾ ਨੂੰ ਕੋਈ ਰਾਹਤ ਦੇਣ ਦੀ ਬਜਾਏ ਇਹ ਨਵਾਂ ਜ਼ਖਮ ਦਿੰਦੇ ਹੋਏ ਪ੍ਰਦੇਸ਼ ਸਰਕਾਰ ਨੇ ਵਿਦਿਆਰਥੀ ਬੱਸ 'ਚ 1 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਦੇ ਹੋਏ ਵਿਦਿਆਰਥਈ ਬੱਸ ਪਾਸ ਦਰਾਂ 'ਚ 16 ਰੁਪਏ ਤੋਂ 192 ਤੱਕ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ 2016 'ਚ ਸਰਕਾਰ ਵਲੋਂ ਵਿਦਿਆਰਥੀ ਬੱਸ ਪਾਸ ਕਿਰਾਏ 'ਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ।