''ਹਰਿਆਣਾ ਦਾ ਭਵਿੱਖ ਬਦਲਣਾ ਹੈ ਤਾਂ EVM ਬਟਨ ਦਬਾਉਣ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਵੇ''
Saturday, Oct 05, 2024 - 09:48 AM (IST)
ਨਵੀਂ ਦਿੱਲੀ- ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਯਾਨੀ ਕਿ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਇਨ੍ਹਾਂ ਚੋਣਾਂ ਵਿਚ ਕਈ ਦਿੱਗਜ਼ ਨੇਤਾਵਾਂ ਦੀ ਸਾਖ ਦਾਅ 'ਤੇ ਲੱਗੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭੁਪਿੰਦਰ ਹੁੱਡਾ, ਦੁਸ਼ਯੰਤ ਚੌਟਾਲਾ ਸਮੇਤ ਕਈ ਦਿੱਗਜ਼ ਨੇਤਾ ਚੋਣ ਮੈਦਾਨ ਵਿਚ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹਰਿਆਣਾ ਦਾ ਭਵਿੱਖ ਬਦਲਣਾ ਹੈ ਤਾਂ EVM ਬਟਨ ਦਬਾਉਣ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਣੀ ਚਾਹੀਦੀ ਹੈ। ਖੜਗੇ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਮੈਂ 36 ਭਾਈਚਾਰਿਆਂ ਸਮੇਤ ਹਰਿਆਣਾ ਦੇ ਸਾਰੇ ਲੋਕਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕਰਦਾ ਹਾਂ। ਤੁਹਾਡੀ ਇਕ ਵੋਟ ਹਰਿਆਣਾ ਨੂੰ ਖੁਸ਼ਹਾਲੀ ਅਤੇ ਸਮਾਜਿਕ ਨਿਆਂ ਦੇ ਰਾਹ 'ਤੇ ਲੈ ਜਾਵੇਗੀ।
ਖੜਗੇ ਨੇ ਕਿਹਾ ਕਿ EVM 'ਤੇ ਵੋਟ ਪਾਉਣ ਤੋਂ ਪਹਿਲਾਂ ਯਾਦ ਰੱਖੋ ਕਿ ਪਿਛਲੇ 10 ਸਾਲਾਂ 'ਚ ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਪ੍ਰਸ਼ਨ ਪੱਤਰ ਲੀਕ, ਪਿੰਡਾਂ ਅਤੇ ਸ਼ਹਿਰਾਂ ਦੀ ਮਾੜੀ ਹਾਲਤ, ਸ਼ਨਾਖਤੀ ਕਾਰਡਾਂ ਦੀ ਧਾਂਦਲੀ, ਔਰਤਾਂ ਦੀ ਅਸੁਰੱਖਿਆ, ਸਮਾਜਿਕ ਵਿਤਕਰੇ ਅਤੇ ਆਰਥਿਕ ਅਸਮਾਨਤਾ ਤੋਂ ਇਲਾਵਾ ਹਰਿਆਣਾ ਨੂੰ ਕੁਝ ਨਹੀਂ ਮਿਲਿਆ ਅਤੇ ਸੱਤਾ ਦੇ ਲਾਲਚ ਕਾਰਨ ਹਰਿਆਣਾ ਦੇ ਵਿਕਾਸ ਨੂੰ ਵੰਡਿਆ ਗਿਆ ਹੈ। ਖੜਗੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਜ ਤੁਹਾਡੀ ਇਕ ਵੋਟ ਇਨ੍ਹਾਂ ਸਾਰਿਆਂ ਨੂੰ ਵਿਰਾਮ ਲਾ ਦੇਵੇਗੀ। ਹਰਿਆਣਾ ਮੁੜ ਤਰੱਕੀ ਦੀ ਰਾਹ 'ਤੇ ਚੱਲ ਪਵੇਗਾ। ਜੇਕਰ ਹਰਿਆਣਾ ਦਾ ਭਵਿੱਖ ਬਦਲਣਾ ਹੈ ਤਾਂ EVM ਦੇ ਬਟਨ ਨੂੰ ਦਬਾਉਣ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਣੀ ਚਾਹੀਦੀ ਹੈ ਤਾਂ ਜੋ ਪੂਰਾ ਬਦਲਾਅ ਆ ਸਕੇ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਨੌਜਵਾਨਾਂ ਖ਼ਾਸ ਕਰ ਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨਾਗਰਿਕਾਂ ਨੂੰ ਬੇਨਤੀ ਕਰਦਾ ਹਾਂ ਕਿ ਲੋਕਤੰਤਰ ਦੇ ਇਸ ਤਿਉਹਾਰ ਵਿਚ ਸ਼ਾਮਲ ਹੋਣਾ ਯਕੀਨੀ ਬਣਾਓ।