ਲੋਕ ਸਭਾ ਚੋਣਾਂ : ਹਰਿਆਣਾ 'ਚ ਕਈ ਥਾਵਾਂ 'ਤੇ ਈ. ਵੀ. ਐੱਮ. ਖਰਾਬ
Sunday, May 12, 2019 - 09:15 AM (IST)

ਯਮੁਨਾ ਨਗਰ — ਲੋਕ ਸਭਾ 2019 ਦੇ ਛੇਵੇਂ ਗੇੜ ਲਈ ਅੱਜ ਹਰਿਆਣਾ ਦੀਆਂ ਸਾਰੀਆਂ 10 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਅੱਜ ਸਵੇਰੇ 7 ਵਜੇ ਤੋਂ ਹੀ ਵੋਟਿੰਗ ਸ਼ੁਰੂ ਹੈ। ਇੱਥੇ 223 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ. ਵੀ. ਐੱਮ. ਮਸ਼ੀਨਾਂ 'ਚ ਬੰਦ ਹੋ ਜਾਵੇਗਾ ਪਰ ਕਈ ਥਾਵਾਂ 'ਤੇ ਮਸ਼ੀਨਾਂ 'ਚ ਖਰਾਬੀ ਆਉਣ ਦੀ ਖਬਰ ਹੈ। ਇੱਥੋਂ ਦੇ ਕੁੱਝ ਇਲਾਕਿਆਂ ਦੇ ਬੂਥਾਂ 'ਤੇ ਈ. ਵੀ. ਐੱਮ. ਮਸ਼ੀਨਾਂ 'ਚ ਖਰਾਬੀ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ। ਹਾਲਾਂਕਿ ਲੋਕਾਂ 'ਚ ਸਵੇਰੇ-ਸਵੇਰੇ ਹੀ ਵੋਟਿੰਗ ਕਰਨ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਈ. ਵੀ. ਐੱਮ. ਰਹੀਆਂ ਖਰਾਬ—
ਯਮੁਨਾ ਨਗਰ ਪ੍ਰਸ਼ਾਸਨ ਦੀਆਂ ਸਾਰੀਆਂ ਤਿਆਰੀਆਂ ਅਧੂਰੀਆਂ ਰਹਿ ਗਈਆਂ ਕਿਉਂਕਿ ਇੱਥੇ ਦਰਜਨਾਂ ਈ. ਵੀ. ਐੱਮ. ਮਸ਼ੀਨਾਂ ਖਰਾਬ ਹਨ, ਜਿਨ੍ਹਾਂ ਨੂੰ ਬਦਲਿਆ ਜਾ ਰਿਹਾ ਹੈ। ਬੈਕਅਪ ਲਈ ਜੀ. ਪੀ. ਐੱਸ. ਨਾਲ ਲੈਸ ਗੱਡੀਆਂ 'ਚ ਈ. ਵੀ. ਐੱਮ. ਰੱਖੀਆਂ ਗਈਆਂ ਹਨ, ਜਿਨ੍ਹਾਂ ਦੀ ਕੰਟਰੋਲ ਰੂਮ ਤੋਂ ਮਾਨਿਟਰਿੰਗ ਹੋ ਰਹੀ ਹੈ। ਯਮੁਨਾਨਗਰ ਦੀ ਹਰੀਪ੍ਰਸਾਦ ਕਲੋਨੀ 'ਚ ਬਣੇ ਪੋਲਿੰਗ ਸਟੇਸ਼ਨ 'ਚ ਸਵੇਰੇ ਅਜੇ ਇਕ ਹੀ ਵੋਟ ਪਈ ਸੀ ਕਿ ਮਸ਼ੀਨ ਖਰਾਬ ਹੋ ਗਈ ਅਤੇ ਇਸ ਦੇ ਬਾਅਦ 8.15 ਵਜੇ ਤਕ ਕੋਈ ਵੋਟ ਨਹੀਂ ਪੈ ਸਕੀ। ਇਸ ਕਾਰਨ ਲੋਕਾਂ 'ਚ ਰੋਸ ਹੈ।
ਇਸ ਤੋਂ ਇਲਾਵਾ ਸੋਨੀਪਤ 'ਚ ਸੀ. ਆਰ. ਏ. ਕਾਲਜ ਦੇ ਬੂਥ 'ਤੇ ਈ. ਵੀ. ਐੱਮ. ਖਰਾਬ ਹੋਣ ਕਾਰਨ ਵੋਟਿੰਗ ਨਹੀਂ ਹੋਈ।
ਹਾਲਾਂਕਿ ਬਿਲਾਸਪੁਰ, ਸਾਰਣ ਪਿੰਡ ਅਤੇ ਸਹਿਜਾਦਪੁਰ 'ਚ ਅੱਧੇ ਘੰਟੇ ਦੀ ਦੇਰੀ ਨਾਲ ਵੋਟਿੰਗ ਸ਼ੁਰੂ ਹੋਈ।
ਜੀਂਦ 'ਚ ਈ. ਵੀ. ਐੱਮ. 'ਤੇ ਫਿੱਕੇ ਚੋਣ ਚਿੰਨ੍ਹ ਕਾਰਨ ਉੱਠੇ ਸਵਾਲ—
ਜੀਂਦ ਦੇ ਡੀ. ਏ. ਵੀ. ਸਕੂਲ 'ਚ ਦਿਗਵਿਜਯ ਚੌਟਾਲਾ ਨੇ ਈ. ਵੀ. ਐੱਮ. 'ਤੇ ਚੋਣ ਚਿੰਨ੍ਹ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣ ਚਿੰਨ ਸਾਫ ਨਹੀਂ ਦਿਖਾਈ ਦੇ ਰਿਹਾ ਅਤੇ ਇਸ ਤਰ੍ਹਾਂ ਲੋਕਾਂ ਨੂੰ ਭੁਲੇਖਾ ਲੱਗ ਸਕਦਾ ਹੈ।