''ਸਾਡਾ ਹਰਿਆਣਾ, ਨਾਨ ਸਟਾਪ ਹਰਿਆਣਾ'' ''ਤੇ ਹੁੱਡਾ ਨਾਲ ਭਿੜੇ ਹਰਿਆਣਾ ਦੇ CM ਨਾਇਬ ਸੈਣੀ

Thursday, Jul 25, 2024 - 01:24 PM (IST)

ਰੋਹਤਕ- ਸੋਸ਼ਲ ਮੀਡੀਆ 'ਤੇ 'ਸਾਡਾ ਹਰਿਆਣਾ, ਨਾਨ ਸਟਾਪ ਹਰਿਆਣਾ' ਦੇ ਨਾਅਰੇ 'ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਆਹਮੋ-ਸਾਹਮਣੇ ਆ ਗਏ ਹਨ। ਦੋਹਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਦੋਹਾਂ ਨੇ ਇਕ-ਦੂਜੇ 'ਤੇ ਤੰਜ਼ ਕੱਸਦੇ ਹੋਏ ਪੋਸਟ ਸਾਂਝੀ ਕੀਤੀ ਗਈ ਹੈ। ਦੱਸ ਦੇਈਏ ਕਿ 22 ਜੁਲਾਈ ਨੂੰ ਸਰਕਾਰ ਵਲੋਂ 'ਸਾਡਾ ਹਰਿਆਣਾ, ਨਾਨ ਸਟਾਪ ਹਰਿਆਣਾ' ਦੇ ਨਾਂ ਤੋਂ ਇਸ਼ਤਿਹਾਰ ਦਿੱਤਾ ਗਿਆ ਸੀ, ਜਿਸ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਹੈ। ਇਸ 'ਤੇ ਹੁਣ ਕਾਂਗਰਸ ਨੇ ਸਰਕਾਰ ਨੂੰ ਘੇਰ ਲਿਆ ਹੈ।

ਹੁੱਡਾ ਨੇ ਸੋਸ਼ਲ ਮੀਡੀਆ 'ਐਕਸ' 'ਤੇ ਵੀਡੀਓ ਨਾਲ ਪੋਸਟ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ 'ਸਾਡਾ ਹਰਿਆਣਾ, ਨਾਨ ਸਟਾਪ ਹਰਿਆਣਾ' ਨਾਅਰਾ ਅਸਲ ਵਿਚ 'ਸਾਡਾ ਹਰਿਆਣਾ, ਫੁੱਲ ਸਟਾਪ ਹਰਿਆਣਾ' ਹੈ। ਉਨ੍ਹਾਂ ਨੇ ਕਿਹਾ ਕਿ ਹਰ ਕੰਮ 'ਤੇ ਫੁੱਲ ਸਟਾਪ ਲੱਗਾ ਹੋਇਆ ਹੈ। ਹਸਪਤਾਲਾਂ 'ਚ ਡਾਕਟਰ, ਸਕੂਲਾਂ 'ਚ ਅਧਿਆਪਕ ਅਤੇ ਦਫ਼ਤਰਾਂ 'ਚ ਕਾਮੇ ਨਹੀਂ ਹਨ। ਹੁੱਡਾ ਨੇ ਕਿਹਾ ਕਿ 10 ਸਾਲਾਂ 'ਚ ਭਾਜਪਾ ਸਰਕਾਰ ਨਾ ਕੋਈ ਬਿਜਲੀ ਦਾ ਕਾਰਖ਼ਾਨਾ ਲਾ ਸਕੀ, ਨਾ ਤਾਂ ਕੋਈ ਨਵਾਂ ਸੰਸਥਾ ਲਿਆਈ। ਨਾ ਮੈਟਰੋ, ਨਾ ਨਵੀਂ ਰੇਲਵੇ ਲਾਈਨ, ਨਾ ਯੂਨੀਵਰਸਿਟੀ, ਨਾ ਹਸਪਤਾਲ ਬਣਿਆ, ਫਿਰ ਕਿਸ ਗੱਲ ਦਾ ਨਾਨ ਸਟਾਪ ਹਰਿਆਣਾ।

ਹੁੱਡਾ ਦੀ ਇਸ ਪੋਸਟ 'ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਲਿਖਿਆ ਕਿ ਭੁਪਿੰਦਰ ਹੁੱਡਾ ਜੀ ਅੱਜ ਦਾ ਤੁਹਾਡਾ ਹਰਿਆਣਾ ਨਾਨ ਸਟਾਪ ਹਰਿਆਣਾ ਹੈ। ਫੁੱਲ ਸਟਾਪ ਲੱਗਾ ਹੈ ਕਾਂਗਰਸ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਧੱਕੇਸ਼ਾਹੀ 'ਤੇ, ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ 'ਤੇ ਹੋ ਰਹੇ ਅੱਤਿਆਚਾਰਾਂ 'ਤੇ, ਸਰਕਾਰੀ ਨੌਕਰੀਆਂ ਦੀ ਨੀਲਾਮੀ 'ਤੇ, ਬੇਕਸੂਰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ 'ਤੇ, ਕਾਂਗਰਸ ਦੇ ਦਹਿਸ਼ਤ ਦੇ ਦੌਰ 'ਤੇ। ਫੁੱਲ ਸਟਾਪ ਲੱਗਾ ਹੈ ਤਾਂ ਸਿਰਫ਼ ਤੁਹਾਡੀ ਰਾਜਨੀਤੀ 'ਤੇ।


Tanu

Content Editor

Related News