ਹਰਿਆਣਾ ਕੈਬਨਿਟ ਵਿਸਥਾਰ; CM ਖੱਟੜ ਨੇ ਕੀਤਾ ਸਾਫ਼, ਇਨ੍ਹਾਂ ਦੋ ਨੇਤਾਵਾਂ ਦਾ ਮੰਤਰੀ ਬਣਨਾ ਤੈਅ
Tuesday, Dec 28, 2021 - 03:48 PM (IST)
ਚੰਡੀਗੜ੍ਹ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੰਗਲਵਾਰ ਯਾਨੀ ਕਿ ਅੱਜ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ, ਜਿਸ ’ਚ ਉਨ੍ਹਾਂ ਦੀ ਪਰਾਟੀ ਭਾਜਪਾ ਅਤੇ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦਾ ਇਕ-ਇਕ ਵਿਧਾਇਕ ਸ਼ਾਮਲ ਹੋਵੇਗਾ। ਦੋ ਸਾਲ ਵਿਚ ਹੋਣ ਵਾਲੇ ਦੂਜੇ ਕੈਬਨਿਟ ਵਿਸਥਾਰ ’ਚ ਹਿਸਾਰ ਤੋਂ ਭਾਜਪਾ ਵਿਧਾਇਕ ਡਾ. ਕਮਲ ਗੁਪਤਾ ਅਤੇ ਟੋਹਾਨਾ ਤੋਂ ਜੇ. ਜੇ. ਪੀ. ਦੇ ਵਿਧਾਇਕ ਦਵਿੰਦਰ ਸਿੰਘ ਬਬਲੀ ਨੂੰ ਕੈਬਨਿਟ ਵਿਚ ਸ਼ਾਮਲ ਕੀਤਾ ਜਾਵੇਗਾ।
ਖੱਟੜ ਨੇ ਕੈਬਨਿਟ ’ਚ ਵਿਸਥਾਰ ਨੂੰ ਲੈ ਕੇ ਕਈ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ’ਤੇ ਵਿਰਾਮ ਲਾਉਂਦੇ ਹੋਏ ਕਿਹਾ ਕਿ ਹਾਂ, ਹੁਣ ਸਸਪੈਂਸ ਖ਼ਤਮ ਹੋ ਗਿਆ ਹੈ। ਦੋ ਵਿਧਾਇਕਾਂ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਸਮੇਤ ਮੰਤਰੀ ਪਰੀਸ਼ਦ ਵਿਚ ਗਿਣਤੀ 14 ਹੋ ਜਾਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ 27 ਅਕਤੂਬਰ 2019 ਨੂੰ ਸਹੁੰ ਚੁੱਕਣ ਦੇ ਕੁਝ ਦਿਨ ਬਾਅਦ ਨਵੰਬਰ 2019 ਵਿਚ 10 ਵਿਧਾਇਕਾਂ ਨੂੰ ਮੰਤਰੀ ਪਰੀਸ਼ਦ ਵਿਚ ਸ਼ਾਮਲ ਕੀਤਾ ਗਿਆ ਸੀ।
ਮੰਗਲਵਾਰ ਸ਼ਾਮ ਮੰਤਰੀ ਪਰੀਸ਼ਦ ਵਿਸਥਾਰ ਹੋਣ ਮਗਰੋਂ ਭਾਜਪਾ ਦੇ ਮੁੱਖ ਮੰਤਰੀ ਸਮੇਤ 10 ਮੰਤਰੀ ਹੋਣਗੇ ਅਤੇ ਜੇ. ਜੇ. ਪੀ. ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸਮੇਤ 3 ਮੰਤਰੀ ਹੋਣਗੇ, ਜਦਕਿ ਰੰਜੀਤ ਸਿੰਘ ਚੌਟਾਲਾ ਮੰਤਰੀ ਦੇ ਰੂਪ ’ਚ ਸ਼ਾਮਲ ਇਕਮਾਤਰ ਆਜ਼ਾਦ ਵਿਧਾਇਕ ਹਨ। ਅਕਤੂਬਰ 2019 ਦੀਆਂ ਚੋਣਾਂ ਵਿਚ ਭਾਜਪਾ ਨੂੰ 90 ਵਿਧਾਨ ਸਭਾ ਸੀਟਾਂ ’ਚੋਂ 40 ਸੀਟਾਂ ਮਿਲੀਆਂ ਸਨ ਪਰ ਬਹੁਮਤ ਨਹੀਂ ਮਿਲਿਆ ਸੀ। ਬਾਅਦ ਵਿਚ ਉਸ ਨੇ ਜੇ. ਜੇ. ਪੀ. ਨਾਲ ਚੋਣਾਂ ਤੋਂ ਬਾਅਦ ਗਠਜੋੜ ਕੀਤਾ, ਜਿਸ ਦੇ 10 ਵਿਧਾਇਕ ਹਨ।