ਦਿੱਲੀ ਦੇ ਘਾਟ ਪਹੁੰਚ ਹਰਿਆਣਾ CM ਨੇ ਪੀਤਾ ਯਮੁਨਾ ਦਾ ਪਾਣੀ, ਬੋਲੇ- ''ਜਾਂਚ ''ਚ ਕੋਈ ਜ਼ਹਿਰ ਨਹੀਂ ਮਿਲਿਆ''
Wednesday, Jan 29, 2025 - 06:19 PM (IST)
ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ਚੋਣਾਂ ਵਿਚਾਲੇ ਯਮੁਨਾ 'ਚ ਵਧੇ ਅਮੋਨੀਆ ਨੂੰ ਲੈ ਕੇ ਮਚੇ ਸਿਆਸੀ ਘਮਾਸਾਨ ਵਿਚਕਾਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਦਿੱਲੀ ਨਾਲ ਲਗਦੇ ਪੱਲਾ ਪਿੰਡ 'ਚ ਯਮੁਨਾ ਨਦੀ 'ਚੋਂ ਪਾਣੀ ਪੀਤਾ।
ਇਸ ਦੌਰਾਨ ਸੀ.ਐੱਮ. ਸੈਣੀ ਨੇ ਕਿਹਾ ਕਿ ਆਪਣੇ ਸਿਆਸੀ ਫਾਇਦੇ ਲਈ ਲੋਕਾਂ ਦੇ ਮਨ 'ਚ ਡਰ ਪੈਦਾ ਕਰਨ ਲਈ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ। ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਅੱਜ ਮੈਂ ਇਥੇ ਯਮੁਨਾ ਨਦੀ ਦੇ ਤੱਟ 'ਤੇ ਆਇਆ ਹਾਂ ਅਤੇ ਯਮੁਨਾ 'ਚੋਂ ਪਾਣੀ ਦਾ ਇਕ ਘੁੱਟ ਪੀਤਾ ਹੈ। ਜਲ ਸਰੋਤ ਅਥਾਰਿਟੀ ਦੇ ਇੱਥੋਂ ਨਮੂਨੇ ਲਏ ਅਤੇ ਪਾਣੀ ਵਿਚ ਕੋਈ ਜ਼ਹਿਰ ਨਹੀਂ ਮਿਲਿਆ।
ਕੀ ਹੈ ਪੂਰਾ ਮਾਮਲਾ
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ 'ਤੇ ਯਮੁਨਾ 'ਚ ਜ਼ਹਿਰ ਮਿਲਾਉਣ ਦਾ ਦਾਅਵਾ ਕੀਤਾ ਸੀ। 'ਆਪ' ਦਾ ਕਹਿਣਾ ਹੈ ਕਿ ਹਰਿਆਣਾ ਤੋਂ ਆਉਣ ਵਾਲੇ ਪਾਣੀ ਵਿੱਚ ਅਮੋਨੀਆ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਦਿੱਲੀ ਦੇ ਤਿੰਨ ਜਲ ਸਪਲਾਈ ਪਲਾਂਟ ਬੰਦ ਹੋਣ ਦੇ ਕੰਢੇ ਹਨ ਅਤੇ ਰਾਸ਼ਟਰੀ ਰਾਜਧਾਨੀ ਵਿੱਚ ਪਾਣੀ ਦਾ ਸੰਕਟ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਹਰਿਆਣਾ ਭਾਜਪਾ ਨੇ ਕੇਜਰੀਵਾਲ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਸੀ।
ਯਮੁਨਾ 'ਚ ਜ਼ਹਿਰ 'ਤੇ ਜਲ ਬੋਰਡ ਨੇ ਦਿੱਤਾ ਸਪਸ਼ਟੀਕਰਨ
ਦਿੱਲੀ ਜਲ ਬੋਰਡ ਨੇ ਯਮੁਨਾ ਨਦੀ ਦੇ ਜਲ 'ਚ ਜ਼ਹਿਲੇ ਪਦਾਰਥਾਂ ਦੀ ਮਿਲਾਵਟ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ। ਜਲ ਬੋਰਡ ਦਾ ਦਾਅਵਾ ਹੈ ਕਿ ਸਰਦੀਆਂ ਦੇ ਮੌਸਮ ਅਕਤੂਬਰ ਤੋਂ ਫਰਵਰੀ ਤਕ ਯਮੁਨਾ ਨਦੀ 'ਚ ਅਮੋਨੀਆ ਦਾ ਪੱਧਰ ਸੁਭਾਵਿਕ ਰੂਪ ਨਾਲ ਵਧਦਾ ਹੈ। ਪਾਣੀ ਸ਼ੁੱਧੀਕਰਨ ਪਲਾਂਟ ਅਮੋਨੀਆ ਨੂੰ ਪਾਰਟਸ ਪ੍ਰਤੀ ਮਿਲੀਅਨ (ppm) ਤੱਕ ਹਟਾਉਣ ਲਈ ਤਿਆਰ ਕੀਤੇ ਗਏ ਹਨ। ਜੇਕਰ ਅਮੋਨੀਆ ਦਾ ਪੱਧਰ ਦੋ ਤੋਂ ਢਾਈ ਪੀਪੀਐੱਮ ਤੱਕ ਪਹੁੰਚ ਜਾਂਦਾ ਹੈ ਤਾਂ ਇਸਨੂੰ ਕੈਰੀਅਰ ਲਾਈਨ ਚੈਨਲ ਅਤੇ ਦਿੱਲੀ ਸਬ ਬ੍ਰਾਂਚ ਤੋਂ ਪਾਣੀ ਪਾ ਕੇ ਪਤਲਾ ਕੀਤਾ ਜਾਂਦਾ ਹੈ।
ਇਸ ਪ੍ਰਕਿਰਿਆ ਨਾਲ ਉੱਚ ਅਮੋਨੀਆ ਪੱਧਰ ਵਾਲੇ ਪਾਣੀ ਨੂੰ ਸ਼ੁੱਧ ਕੀਤਾ ਜਾਂਦਾ ਹੈ। ਜਲ ਬੋਰਡ ਨੇ ਇਸ ਸਬੰਧੀ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਹੈ। ਜਲ ਬੋਰਡ ਦੀ ਸੀਈਓ ਸ਼ਿਲਪਾ ਸ਼ਿੰਦੇ ਨੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਇਹ ਮਾਮਲਾ ਉਪ ਰਾਜਪਾਲ ਵੀ.ਕੇ. ਸਕਸੈਨਾ ਦੇ ਧਿਆਨ ਵਿੱਚ ਲਿਆਉਣ ਲਈ ਕਿਹਾ ਹੈ। ਕਾਰਨ ਇਹ ਹੈ ਕਿ ਇਹ ਅੰਤਰਰਾਜੀ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ।