ਕੋਰੀਅਨ ਔਰਤ ਨੇ ਮਾਲ ਪ੍ਰਬੰਧਨ ''ਤੇ ਲਗਾਏ ਉਤਪੀੜਨ ਦੇ ਦੋਸ਼
Saturday, Aug 09, 2025 - 01:15 PM (IST)

ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਗੋਲਫ ਕੋਰਸ ਰੋਡ 'ਤੇ ਸਥਿਤ ਗਲੋਬਲ ਫੋਅਰ ਮਾਲ ਦੇ ਪ੍ਰਬੰਧਨ 'ਤੇ ਇਕ ਦੱਖਣੀ ਕੋਰੀਆਈ ਔਰਤ ਹਯਾਂਗ ਲੀ ਨੇ ਉਤਪੀੜ ਦਾ ਦੋਸ਼ ਲਗਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੇ ਆਪਣੇ ਰੈਸਟੋਰੈਟ ਮਿਸੋ ਦੇ ਸੰਚਾਲਨ ਨੂੰ ਲੈ ਕੇ ਮਾਲ ਪ੍ਰਬੰਧਨ 'ਤੇ ਪਰੇਸ਼ਾਨ ਕਰਨ ਦਾ ਦਾਅਵਾ ਕੀਤਾ ਹੈ। ਦੱਖਣੀ ਕੋਰੀਆਈ ਔਰਤ ਲੀ ਨੇ ਸ਼ੁੱਕਰਵਾਰ ਦੇਰ ਰਾਤ ਜਾਰੀ ਇਕ ਵੀਡੀਓ 'ਚ ਕਿਹਾ ਕਿ ਕਿਰਾਇਆ ਅਤੇ ਸਾਂਭ-ਸੰਭਾਲ ਖਰਚੇ ਦਾ ਭੁਗਤਾਨ ਕਰਨ ਦੇ ਬਾਵਜੂਦ ਉਨ੍ਹਾਂ ਦੇ ਰੈਸਟੋਰੈਂਟ ਦੀ ਬਿਜਲੀ ਅਤੇ ਪਾਣੀ ਦੀ ਸਪਲਾਈ ਵਾਰ-ਵਾਰ ਕੱਟੀ ਜਾ ਰਹੀ ਹੈ।
ਪੀੜਤਾ ਨੇ ਕਿਹਾ,''ਮੈਂ 14 ਸਾਲ ਤੋਂ ਭਾਰਤੀ ਕਾਨੂੰਨਾਂ ਅਤੇ ਲਾਇਸੈਂਸਾਂ ਦੀ ਪਾਲਣਾ ਕਰਦੇ ਹੋਏ ਆਪਣੇ ਰੈਸਟੋਰੈਂਟ ਚਲਾ ਰਹੀ ਹਾਂ। ਪਿਛਲੇ 3 ਸਾਲਾਂ ਤੋਂ ਮਾਲ ਪ੍ਰਬੰਧਨ ਅਤੇ ਬਿਲਡਰ ਵਾਸੂ ਗਰਗ ਮੈਨੂੰ ਪਰੇਸ਼ਾਨ ਕਰ ਰਹੇ ਹਨ। ਬਿਜਲੀ ਅਤੇ ਪਾਣੀ ਦੀ ਸਪਲਾਈ ਗੈਰ-ਕਾਨੂੰਨੀ ਰੂਪ ਨਾਲ ਕੱਟੀ ਜਾ ਰਹੀ ਹੈ। ਜੇਕਰ ਇਸ 'ਤੇ ਕਾਰਵਾਈ ਨਹੀਂ ਹੋਈ ਤਾਂ ਮੈਨੂੰ ਭਾਰਤ ਤੋਂ ਖ਼ਰਾਬ ਅਨੁਭਵ ਨਾਲ ਘਰ ਵਾਪਸ ਜਾਣਾ ਪਵੇਗਾ।'' ਪੀੜਤਾ ਨੇ ਗੁਰੂਗ੍ਰਾਮ ਪੁਲਸ 'ਚ ਸ਼ਿਕਾਇਤ ਦਰਜ ਕੀਤੀ ਹੈ ਅਤੇ ਦੱਖਣੀ ਕੋਰੀਆਈ ਦੂਤਘਰ ਨੂੰ ਵੀ ਚਿੱਠੀ ਲਿਖੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮਾਲ ਪ੍ਰਬੰਧਨ ਦੀਆਂ ਇਹ ਹਰਕਤਾਂ ਉਨ੍ਹਾਂ ਨੂੰ ਲੀਜ਼ 'ਤੇ ਦਿੱਤੀ ਗਈ ਜਗ੍ਹਾ ਖਾਲੀ ਕਰਨ ਲਈ ਮਜ਼ਬੂਰ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰੁਕਾਵਟਾਂ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਅਧਿਕਾਰ ਦੀ ਰੱਖਿਆ ਦੀ ਮੰਗ ਕੀਤੀ ਹੈ। ਗੁਰੂਗ੍ਰਾਮ ਪੁਲਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ 7 ਅਗਸਤ ਨੂੰ ਪੀੜਤਾ ਲੀ ਦੀ ਸ਼ਿਕਾਇਤ ਤੋਂ ਬਾਅਦ 8 ਅਗਸਤ ਨੂੰ ਦੋਵੇਂ ਪੱਖਾਂ ਵਿਚਾਲੇ ਥਾਣੇ 'ਚ ਬੈਠਕ ਕਰਵਾਈ ਗਈ।
ਪੁਲਸ ਅਨੁਸਾਰ, ਵਿਵਾਦ ਦਾ ਕਾਰਨ ਮਾਲ ਪ੍ਰਬੰਧਨ ਵਲੋਂ ਜਾਰੀ 9 ਲੱਖ ਰੁਪਏ ਦਾ ਡਿਮਾਂਡ ਨੋਟਿਸ ਹੈ, ਜਿਸ 'ਚ ਰੈਸਟੋਰੈਂਟ ਤੋਂ ਪਾਣੀ ਲੀਕ ਕਾਰਨ ਮਾਲ ਦੀ ਇਮਾਰਤ ਨੂੰ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਲੀ ਨੇ ਇਹ ਰਾਸ਼ੀ ਜਮ੍ਹਾ ਨਹੀਂ ਕੀਤੀ, ਜਿਸ ਤੋਂ ਬਾਅਦ ਬਿਜਲੀ ਅਤੇ ਪਾਣੀ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਬੁਲਾਰੇ ਨੇ ਕਿਹਾ,''ਮਾਮਲਾ ਸਿਵਲ ਪ੍ਰਕ੍ਰਿਤੀ ਦਾ ਹੋਣ ਦੇ ਬਾਵਜੂਦ ਪੁਲਸ ਨੇ ਦੋਵਾਂ ਪੱਖਾਂ ਵਿਚਾਲੇ ਬੈਠਕ ਕਰਵਾਈ, ਜਿਸ 'ਚ ਬਿਜਲੀ-ਪਾਣੀ ਦੇ ਮੁੱਦੇ 'ਤੇ ਸਹਿਮਤੀ ਬਣ ਗਈ ਸੀ। 9 ਲੱਖ ਰੁਪਏ ਦੇ ਵਿਵਾਦ ਨੂੰ ਸੁਲਝਾਉਣ ਲਈ ਸੋਮਵਾਰ ਨੂੰ ਦੋਵਾਂ ਪੱਖਾਂ ਦੀਆਂ ਕਾਨੂੰਨੀ ਟੀਮਾਂ ਫਿਰ ਤੋਂ ਬੈਠਕ ਕਰਨਗੀਆਂ।'' ਇਹ ਮਾਮਲਾ ਗੁਰੂਗ੍ਰਾਮ ਦੇ ਇਸ ਪ੍ਰਮੁੱਖ ਵਪਾਰਕ ਕੇਂਦਰ 'ਚ ਵਿਦੇਸ਼ੀ ਕਾਰੋਬਾਰੀਆਂ ਨਾਲ ਗਲਤ ਰਵੱਈਏ ਨੂੰ ਲੈ ਕੇ ਚਿੰਤਾਵਾਂ ਵਧਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8