ਕੇਂਦਰ ਨੂੰ MSP ''ਤੇ ਲਿਖਤੀ ਭਰੋਸਾ ਦੇਣ ''ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ : ਅਜੇ ਚੌਟਾਲਾ
Tuesday, Dec 01, 2020 - 05:13 PM (IST)
ਹਰਿਆਣਾ- ਹਰਿਆਣਾ 'ਚ ਭਾਜਪਾ ਗਠਜੋੜ ਦਾ ਹਿੱਸਾ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਲਿਖਤੀ ਭਰੋਸਾ ਦੇਣ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਨਵੇਂ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਗਠਨਾਂ ਅਤੇ ਕੇਂਦਰ ਦਰਮਿਆਨ ਜਾਰੀ ਗੱਲਬਾਤ ਦੌਰਾਨ ਪਾਰਟੀ ਦਾ ਇਹ ਬਿਆਨ ਆਇਆ ਹੈ। ਜੇ.ਜੇ.ਪੀ. ਮੁੱਖੀ ਅਤੇ ਸੰਸਦ ਮੈਂਬਰ ਅਜੇ ਸਿੰਘ ਚੌਟਾਲਾ ਨੇ ਕਿਹਾ,''ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਕਹਿ ਰਹੇ ਹਨ ਕਿ ਐੱਮ.ਐੱਸ.ਪੀ. ਜਾਰੀ ਰਹੇਗਾ ਤਾਂ ਉਸ ਲਾਈਨ ਨੂੰ ਜੋੜਨ 'ਚ (ਕਾਨੂੰਨ 'ਚ) ਕੀ ਇਤਰਾਜ਼ ਹੈ।''
ਇਹ ਵੀ ਪੜ੍ਹੋ : ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ ਜਾਰੀ, BJP ਦੇ ਕਈ ਵੱਡੇ ਨੇਤਾ ਸ਼ਾਮਲ
ਉਨ੍ਹਾਂ ਨੇ ਕਿਹਾ,''ਅਸੀਂ ਚਾਹੁੰਦੇ ਹਾਂ ਕਿ ਇਸ ਗੱਲ ਦਾ ਜਲਦ ਤੋਂ ਜਲਦ ਕੋਈ ਕੋਈ ਹੱਲ ਨਿਕਲੇ। ਅਸੀਂ ਸਰਕਾਰ 'ਚ ਸ਼ਾਮਲ ਲੋਕਾਂ ਤੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਲੱਭਣ ਲਈ ਕਿਹਾ ਹੈ।'' ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਕੋਵਿਡ-19 ਅਤੇ ਠੰਡ ਦਾ ਹਵਾਲਾ ਦਿੰਦੇ ਹੋਏ ਕਿਸਾਨ ਸੰਗਠਨਾਂ ਦੇ ਨੇਤਾਵਾਂ ਨੂੰ 3 ਦਸੰਬਰ ਦੀ ਬਜਾਏ ਮੰਗਲਵਾਰ ਨੂੰ ਹੀ ਗੱਲਬਾਤ ਲਈ ਬੁਲਾਇਆ ਸੀ। ਦੱਸਣਯੋਗ ਹੈ ਕਿ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਹਜ਼ਾਰਾਂ ਕਿਸਾਨ ਦਿੱਲੀ ਨਾਲ ਲੱਗਦੀਆਂ ਸਰਹੱਦਾਂ ਦੇ ਪ੍ਰਵੇਸ਼ ਮਾਰਗਾਂ 'ਤੇ ਮੰਗਲਵਾਰ ਨੂੰ ਲਗਾਤਾਰ 7ਵੇਂ ਦਿਨ ਡਟੇ ਹੋਏ ਹਨ। ਕਿਸਾਨਾਂ ਨੂੰ ਸ਼ੱਕ ਹੈ ਕਿ ਇਨ੍ਹਾਂ ਕਾਨੂੰਨਾਂ ਕਾਰਨ ਘੱਟੋ-ਘੱਟ ਸਮਰਥਨ ਮੁੱਲ ਖਤਮ ਹੋ ਜਾਵੇਗਾ।
ਇਹ ਵੀ ਪੜ੍ਹੋ : ਕਿਸਾਨ ਜਥੇਬੰਦੀਆਂ ਦੀ ਬੈਠਕ 'ਚ ਫ਼ੈਸਲਾ, ਸਰਕਾਰ ਨਾਲ ਗੱਲਬਾਤ ਲਈ ਹੋਣਗੇ ਸ਼ਾਮਲ