ਹਰਿਆਣਾ ਵਿਧਾਨ ਸਭਾ ਚੋਣਾਂ : 2019 ਤੋਂ ਬਾਅਦ ਸੂਬੇ ’ਚ ਲਗਾਤਾਰ ਦਲਿਤ ਵੋਟ ਬੈਂਕ ਬਦਲ ਰਿਹੈ ਟਰੈਂਡ

Sunday, Sep 15, 2024 - 12:12 AM (IST)

ਹਰਿਆਣਾ ਵਿਧਾਨ ਸਭਾ ਚੋਣਾਂ : 2019 ਤੋਂ ਬਾਅਦ ਸੂਬੇ ’ਚ ਲਗਾਤਾਰ ਦਲਿਤ ਵੋਟ ਬੈਂਕ ਬਦਲ ਰਿਹੈ ਟਰੈਂਡ

ਜਲੰਧਰ, (ਅਨਿਲ ਪਾਹਵਾ)– ਹਰਿਆਣਾ ’ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਪਿਛਲੀਆਂ ਚੋਣਾਂ ਨਾਲੋਂ ਕਈ ਮਾਮਲਿਆਂ ਵਿਚ ਦਿਲਚਸਪ ਬਣਦੀਆਂ ਜਾ ਰਹੀਆਂ ਹਨ। ਕਾਰਨ ਹੈ ਕਿ ਭਾਜਪਾ ਜਿੱਥੇ ਆਪਣਾ ਗੜ੍ਹ ਬਚਾਉਣ ’ਚ ਜੁਟੀ ਹੋਈ ਹੈ, ਉੱਥੇ ਹੀ ਕਾਂਗਰਸ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਆਪਣੀ ਸੱਤਾ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟੀਆਂ ਹਨ।

ਜਿਸ ਤਰ੍ਹਾਂ ਹਰਿਆਣਾ ’ਚ ਕਈ ਮਾਮਲਿਆਂ ਵਿਚ ਕਈ ਤਰ੍ਹਾਂ ਦੀਆਂ ਸਿਆਸੀ ਸਥਿਤੀਆਂ ਅਹਿਮ ਭੂਮਿਕਾ ਰੱਖਦੀਆਂ ਹਨ, ਉਸੇ ਤਰ੍ਹਾਂ ਉੱਥੇ ਅਨੁਸੂਚਿਤ ਜਾਤੀਆਂ ਦਾ ਵੋਟ ਬੈਂਕ ਵੀ ਬੜੇ ਮਾਅਨੇ ਰੱਖਦਾ ਹੈ।

ਅੰਕੜਿਆਂ ਅਨੁਸਾਰ ਹਰਿਆਣਾ ਦੀ ਕੁਲ ਆਬਾਦੀ ਵਿਚੋਂ 20 ਫੀਸਦੀ ਤੋਂ ਵੱਧ ਦਲਿਤ ਆਬਾਦੀ ਹੈ, ਜੋ ਦੇਸ਼ ਵਿਚ ਪ੍ਰਮੁੱਖ ਸੂਬਿਆਂ ’ਚ ਹਰਿਆਣਾ ਵਿਚ ਸਭ ਤੋਂ ਵੱਧ ਹੈ। ਪਿਛਲੇ 5 ਸਾਲਾਂ ’ਚ ਹਰਿਆਣਾ ਦੀਆਂ ਦਲਿਤ ਬਹੁਗਿਣਤੀ ਸੀਟਾਂ ’ਤੇ ਸਿਆਸਤ ਵਿਚ ਕਾਫੀ ਤਬਦੀਲੀ ਆਈ ਹੈ। ਕੁਲ ਮਿਲਾ ਕੇ ਕਿਹਾ ਜਾਵੇ ਤਾਂ ਦਲਿਤ ਵਰਗ ਨਾਲ ਸਬੰਧਤ ਸੀਟਾਂ ਵਿਚ ਪਿਛਲੇ 5 ਸਾਲਾਂ ’ਚ ਭਾਜਪਾ ਦੀ ਬਜਾਏ ਕਾਂਗਰਸ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ।

2019 ’ਚ ਦਲਿਤ ਸੀਟਾਂ ਵੀ ਜਿੱਤੀਆਂ ਅਤੇ ਵੋਟ ਸ਼ੇਅਰ ਵੀ ਸੀ 50 ਤੋਂ ਉੱਪਰ

2019 ’ਚ ਹਰਿਆਣਾ ’ਚ ਹੋਈਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਅਤੇ ਹੁਣ 2024 ਦੀਆਂ ਲੋਕ ਸਭਾ ਚੋਣਾਂ ਵਿਚ ਜੇ ਰਾਖਵੀਆਂ 17 ਵਿਧਾਨ ਸਭਾ ਸੀਟਾਂ ਅਤੇ 30 ਹੋਰ ਵਿਧਾਨ ਸਭਾ ਸੀਟਾਂ ਜਿੱਥੇ ਦਲਿਤ ਵੋਟ ਬੈਂਕ 20 ਫੀਸਦੀ ਤੋਂ ਵੱਧ ਹੈ, ਵਿਚ ਨਤੀਜਿਆਂ ਦੇ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਇਸ ਕੈਟਾਗਰੀ ਦੀਆਂ 47 ਸੀਟਾਂ ’ਤੇ ਕਾਂਗਰਸ ਨੂੰ ਲੀਡ ਮਿਲੀ ਹੈ। 2019 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਹਰਿਆਣਾ ਵਿਚ 10 ਦੀਆਂ 10 ਸੀਟਾਂ ਜਿੱਤੀਆਂ ਸਨ। ਅੰਬਾਲਾ ਤੇ ਸਿਰਸਾ ਦੀਆਂ ਵੀ ਦੋਵੇਂ ਰਾਖਵੀਆਂ ਸੀਟਾਂ ਭਾਜਪਾ ਦੇ ਖੇਮੇ ਵਿਚ ਗਈਆਂ ਸਨ।

ਉਸ ਦੌਰ ’ਚ ਭਾਜਪਾ ਨੂੰ ਲੱਗਭਗ 50 ਫੀਸਦੀ ਵੋਟ ਸ਼ੇਅਰ ਹਾਸਲ ਹੋਇਆ ਸੀ ਅਤੇ ਸਾਰੀਆਂ ਸੀਟਾਂ ’ਤੇ ਜਿੱਤ ਦਾ ਮਾਰਜਿਨ 3-3 ਲੱਖ ਤੋਂ ਵੱਧ ਸੀ।

ਇਸ ਵਾਰ ਲੋਕ ਸਭਾ ਚੋਣਾਂ ’ਚ ਬਦਲ ਗਈ ਤਸਵੀਰ

ਹਰਿਆਣਾ ’ਚ ਜਿਹੜੀਆਂ ਹੁਣ 2024 ’ਚ ਲੋਕ ਸਭਾ ਚੋਣਾਂ ਹੋਈਆਂ ਹਨ, ਉਨ੍ਹਾਂ ਵਿਚ ਸਿਆਸੀ ਤਸਵੀਰ ਕੁਝ ਵੱਖਰੇ ਅੰਕੜੇ ਪੇਸ਼ ਕਰ ਰਹੀ ਹੈ। ਇੱਥੇ ਭਾਜਪਾ ਨੂੰ 10 ਵਿਚੋਂ 5 ਸੀਟਾਂ ਮਿਲੀਆਂ ਅਤੇ 5 ਕਾਂਗਰਸ ਦੇ ਹੱਥ ਆ ਗਈਆਂ। ਭਾਜਪਾ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੰਬਾਲਾ ਤੇ ਸਿਰਸਾ ਦੀਆਂ ਦਲਿਤ ਰਾਖਵੀਆਂ ਸੀਟਾਂ ਪਾਰਟੀ ਹਾਰ ਗਈ, ਜਦੋਂਕਿ 27 ਦਲਿਤ ਬਹੁਗਿਣਤੀ ਖੇਤਰਾਂ ’ਚ 11 ਸੀਟਾਂ ’ਤੇ ਕਾਂਗਰਸ ਅੱਗੇ ਰਹੀ। ਇਸ ਦੇ ਨਾਲ ਹੀ ਕਾਂਗਰਸ ਦਾ ਵੋਟ ਸ਼ੇਅਰ 51 ਫੀਸਦੀ ਤੋਂ ਉੱਪਰ ਹੋ ਗਿਆ ਅਤੇ ਭਾਜਪਾ ਨੂੰ ਵੋਟ ਸ਼ੇਅਰ 41 ਫੀਸਦੀ ’ਤੇ ਆ ਗਿਆ। ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਦਾ ਮਾਰਜਿਨ ਔਸਤ 26,000 ਰਿਹਾ।

ਦਲਿਤ ਵੋਟ ਬੈਂਕ ਦੇ ਦਮ ’ਤੇ ਭਾਜਪਾ ਨੇ ਦਿੱਤੀ ਸੀ ਕਾਂਗਰਸ ਨੂੰ ਮਾਤ

2019 ’ਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਦਲਿਤ ਕੋਟੇ ਦੀਆਂ ਕੁਲ 17 ਸੀਟਾਂ ਵਿਚੋਂ 15 ’ਤੇ ਜਿੱਤ ਹਾਸਲ ਕੀਤੀ ਸੀ, ਜਦੋਂਕਿ ਕਾਂਗਰਸ ਨੂੰ ਸਿਰਫ 2 ਸੀਟਾਂ ਮਿਲੀਆਂ ਸਨ। ਵੱਡੀ ਗੱਲ ਇਹ ਰਹੀ ਕਿ ਭਾਜਪਾ ਨੇ ਜਿਹੜੀਆਂ ਸੀਟਾਂ ਜਿੱਤੀਆਂ, ਉਨ੍ਹਾਂ ਵਿਚ ਉਸ ਦਾ ਵੋਟ ਸ਼ੇਅਰ 55 ਫੀਸਦੀ ਤੋਂ ਵੱਧ ਸੀ, ਜਦੋਂਕਿ ਕਾਂਗਰਸ ਦਾ ਵੋਟ ਸ਼ੇਅਰ 27.7 ਫੀਸਦੀ ਸੀ। ਇਸ ਤੋਂ ਇਲਾਵਾ ਉਹ ਸੀਟਾਂ ਜਿੱਥੇ ਦਲਿਤ ਵੋਟ 20 ਫੀਸਦੀ ਤੋਂ ਵੱਧ ਹੈ, ਵਿਚ ਵੀ ਭਾਜਪਾ ਨੂੰ ਸਫਲਤਾ ਮਿਲੀ ਅਤੇ 47 ਵਿਚੋਂ 44 ਸੀਟਾਂ ’ਤੇ ਭਾਜਪਾ ਨੰਬਰ ਇਕ ’ਤੇ ਰਹੀ।


author

Rakesh

Content Editor

Related News