ਅਨੋਖਾ ਵਿਆਹ: ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ, ਵੇਖਦੇ ਰਹਿ ਗਏ ਲੋਕ

Sunday, Feb 20, 2022 - 03:33 PM (IST)

ਅਨੋਖਾ ਵਿਆਹ: ਕੰਬਾਈਨ ਮਸ਼ੀਨ ’ਤੇ ਲਾੜੀ ਵਿਆਹੁਣ ਪੁੱਜਾ ਲਾੜਾ, ਵੇਖਦੇ ਰਹਿ ਗਏ ਲੋਕ

ਫਤਿਹਾਬਾਦ— ਕੁਝ ਲੋਕ ਮਹਿੰਗੀਆਂ ਗੱਡੀਆਂ ’ਚ ਆਪਣੀ ਬਰਾਤ ਲੈ ਕੇ ਜਾਣ ਦੇ ਸੁਫ਼ਨੇ ਵੇਖਦੇ ਹਨ ਪਰ ਪੇਂਡੂ ਖੇਤਰ ’ਚ ਬਿਲਕੁਲ ਇਸ ਦੇ ਉਲਟ ਪਿੰਡ ਭੜੌਲਾਂਵਾਲੀ ’ਚ ਇਕ ਨਵੀਂ ਅਤੇ ਅਨੋਖੀ ਪਹਿਲ ਹੋਈ। ਕਿਸਾਨ ਨੇ ਨਵੀਂ ਕੰਬਾਈਨ ਖਰੀਦੀ ਸੀ ਅਤੇ ਜਦੋਂ ਉਸ ਦੇ ਪੋਤੇ ਦਾ ਵਿਆਹ ਤੈਅ ਹੋਇਆ ਤਾਂ ਪੋਤੇ ਨੇ ਕਿਹਾ ਕਿ ਮੈਂ ਆਪਣੀ ਬਰਾਤ ਇਸੇ ਕੰਬਾਈਨ ’ਤੇ ਹੀ ਲੈ ਕੇ ਜਾਵਾਂਗਾ। ਪਿੰਡ ਭੜੌਲਾਂਵਾਲੀ ਦੇ ਕਾਲੂ ਰਾਮ ਬੈਨੀਵਾਲ ਦੇ ਪੋਤੇ ਸੰਦੀਪ ਬੈਨੀਵਾਲ ਦੀ ਬਰਾਤ ਪਿੰਡ ਸੋਤਰ ਭੱਟੂ ਦੇ ਰਾਜੇਂਦਰ ਕਾਸਨੀਆ ਦੀ ਧੀ ਪੂਜਾ ਕਾਸਨੀਆ ਦੇ ਘਰ ਪਹੁੰਚੀ ਤਾਂ ਬਰਾਤ ਨੂੰ ਵੇਖਣ ਲਈ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਗਏ।

ਕਾਲੂ ਰਾਮ ਬੈਨੀਵਾਲ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਖੇਤੀ ਕਰਦਾ ਹੈ ਅਤੇ ਜਦੋਂ ਸੰਦੀਪ ਦਾ ਵਿਆਹ ਤੈਅ ਹੋਇਆ ਤਾਂ ਪਰਿਵਾਰ ਵਿਚ ਸੋਚ ਵਿਚਾਰ ਸ਼ੁਰੂ ਹੋਇਆ ਕਿ ਕਿਹੜੀ ਗੱਡੀ ਵਿਚ ਬਰਾਤ ਲੈ ਕੇ ਜਾਣੀ ਹੈ। ਇੰਨੇ ਵਿਚ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ ਕਿ ਅਸੀਂ ਨਵੀਂ ਕੰਬਾਈਨ ਲੈ ਕੇ ਆਏ ਹਾਂ ਤਾਂ ਕਿਉਂ ਨਾ ਅਸੀਂ ਆਪਣੇ ਪੁੱਤ ਦੀ ਬਰਾਤ ਇਸ ’ਤੇ ਲੈ ਕੇ ਜਾਈਏ, ਇਸ ’ਤੇ ਸਾਰਿਆਂ ਨੇ ਹਾਮੀ ਭਰ ਦਿੱਤੀ।

ਫਿਰ ਕੀ ਸੀ ਕੰਬਾਈਨ ਨੂੰ ਲਾੜੀ ਵਾਂਗ ਸਜਾਇਆ ਗਿਆ ਅਤੇ ਕੰਬਾਈਨ ’ਤੇ ਬਰਾਤ ਲੈ ਕੇ ਸੰਦੀਪ ਪਿੰਡ ਸੋਤਰ ਭੱਟੂ ਪਹੁੰਚਿਆ। ਉੱਥੇ ਬਰਾਤ ਦਾ ਸਵਾਗਤ ਕਰਨ ਲਈ ਰਾਜੇਂਦਰ ਕਾਸਨੀਆ ਸਮੇਤ ਪਿੰਡ ਦੇ ਕਈ ਲੋਕ ਮੌਜੂਦ ਸਨ, ਜੋ ਕਿ ਕਿਸਾਨ ਦੀ ਇਸ ਪਹਿਲ ਤੋਂ ਪ੍ਰਭਾਵਿਤ ਹੋਏ। ਕਿਸਾਨਾਂ ਨੇ ਕਿਹਾ ਕਿ ਜੇਕਰ ਅਸੀਂ ਆਪਣੇ 10 ਕਿਲੋਮੀਟਰ ਦੇ ਦਾਇਰੇ ਵਿਚ ਬਰਾਤ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਸਾਧਨਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿਸਾਨ ਦੀ ਇਸ ਪਹਿਲ ਨੂੰ ਇਲਾਕੇ ਵਿਚ ਕਾਫੀ ਸਰਾਹਿਆ ਜਾ ਰਿਹਾ ਹੈ।


author

Tanu

Content Editor

Related News