ਹਰਿਆਣਾ ਦਾ ਗੈਂਗਸਟਰ ਕਾਲਾ ਜਠੇੜੀ ਬਣੇਗਾ ਲਾੜਾ, ਹੋਣ ਵਾਲੀ ਲਾੜੀ ਵੀ ਹੈ ''ਲੇਡੀ ਡੌਨ''
Monday, Mar 04, 2024 - 05:51 PM (IST)
ਨਵੀਂ ਦਿੱਲੀ/ਸੋਨੀਪਤ (ਕਮਲ ਕਾਂਸਲ/ਸੰਨੀ ਮਲਿਕ)- ਦਿੱਲੀ ਦੀ ਦਵਾਰਕਾ ਕੋਰਟ ਨੇ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਕਸਟਡੀ ਪੈਰੋਲ ਦਿੱਤੀ ਹੈ। ਜਠੇੜੀ 12 ਮਾਰਚ ਨੂੰ ਜੇਲ੍ਹ ਤੋਂ ਬਾਹਰ ਆ ਕੇ ਦਿੱਲੀ 'ਚ ਆਪਣੇ ਵਿਆਹ ਦੀਆਂ ਰਸਮਾਂ ਨਿਭਾਏਗਾ। ਇਸ ਤੋਂ ਬਾਅਦ 13 ਮਾਰਚ ਨੂੰ ਸੋਨੀਪਤ 'ਚ ਗ੍ਰਹਿ ਪ੍ਰਵੇਸ਼ ਲਈ ਉਸ ਨੂੰ 6 ਘੰਟੇ ਦੀ ਕਸਟਡੀ ਪੈਰੋਲ ਦਿੱਤੀ ਗਈ ਹੈ। ਕਾਲਾ ਜਠੇੜੀ ਲੇਡੀ ਡੌਨ ਅਨੁਰਾਧਾ ਉਰਫ਼ ਮੈਡਮ ਮਿੰਜ ਨਾਲ 7 ਫੇਰੇ ਲਵੇਗਾ। ਫਿਲਹਾਲ ਜਠੇੜੀ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹੈ। ਉਸ 'ਤੇ 30 ਤੋਂ ਵੱਧ ਮਾਮਲੇ ਦਰਜ ਹਨ।
ਦੱਸਣਯੋਗ ਹੈ ਕਿ ਕਾਲਾ ਜਠੇੜੀ ਨੂੰ 30 ਜੁਲਾਈ 2021 ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਕਾਲਾ ਜਠੇੜੀ ਨੂੰ ਲਾਰੈਂਸ ਬਿਸ਼ਨੋਈ ਦਾ ਖ਼ਾਸ ਮੰਨਿਆ ਜਾਂਦਾ ਹੈ। ਉਹ ਹਰਿਆਣਾ 'ਚ ਸੋਨੀਪਤ ਜ਼ਿਲ੍ਹੇ ਦੇ ਜਠੇੜੀ ਪਿੰਡ ਦਾ ਰਹਿਣ ਵਾਲਾ ਹੈ। ਲਾਰੈਂਸ ਬਿਸ਼ਨੋਈ ਉਦੋਂ ਸੁਰਖੀਆਂ 'ਚ ਆਇਆ ਸੀ, ਜਦੋਂ 2018 'ਚ ਉਸ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਫਰੀਦਾਬਾਦ ਪੁਲਸ ਨੇ ਲਾਰੈਂਸ ਗੈਂਗ ਦੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਮੁੰਬਈ 'ਚ ਸਲਮਾਨ ਦੇ ਘਰ ਰੇਕੀ ਕਰ ਕੇ ਆਏ ਸਨ। ਕਾਲਾ ਜਠੇੜੀ ਗੈਂਗ ਹਰਿਆਣਾ 'ਚ ਸੋਨੀਪਤ, ਝੱਜਰ, ਰੋਹਤਕ ਅਤੇ ਦਿੱਲੀ 'ਚ ਸਭ ਤੋਂ ਜ਼ਿਆਦਾ ਸਰਗਰਮ ਹੈ। ਲਾਰੈਂਸ ਅਤੇ ਕਾਲਾ ਜਠੇੜੀ ਦੀ ਮੁਲਾਕਾਤ ਜੇਲ੍ਹ 'ਚ ਹੀ ਹੋਈ ਸੀ। ਲਾਰੈਂਸ ਗੈਂਗ 'ਤੇ ਹੀ ਪੰਜਾਬ 'ਚ ਸਿੰਗਰ ਸਿੱਧੂ ਮੂਸੇਵਾਲਾ, ਰਾਜਸਥਾਨ 'ਚ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ, ਰਾਜੂ ਠੇਹਟ ਦੇ ਕਤਲ ਦਾ ਦੋਸ਼ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8