ਬਦਮਾਸ਼ਾਂ ਨੇ ਕਾਰਾਂ ਦੇ ਕਾਰੋਬਾਰੀ ਤੋਂ ਮੰਗੀ 10 ਲੱਖ ਦੀ ਫਿਰੌਤੀ, ਪੈਸੇ ਨਾ ਦੇਣ ''ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

Tuesday, Jan 10, 2023 - 04:00 PM (IST)

ਬਦਮਾਸ਼ਾਂ ਨੇ ਕਾਰਾਂ ਦੇ ਕਾਰੋਬਾਰੀ ਤੋਂ ਮੰਗੀ 10 ਲੱਖ ਦੀ ਫਿਰੌਤੀ, ਪੈਸੇ ਨਾ ਦੇਣ ''ਤੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਪਾਨੀਪਤ (ਸਚਿਨ)- ਹਰਿਆਣਾ ਵਿਚ ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੁੰਦੇ ਜਾ ਰਹੇ ਹਨ ਕਿ ਆਏ ਦਿਨ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਕੇ ਫਿਰੌਤੀ ਦੀ ਮੰਗ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਸੈਕਟਰ-18 ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਕਾਰਾਂ ਦੇ ਕਾਰੋਬਾਰੀ ਨੂੰ ਵਟਸਐਪ ਕਾਲ ਕਰ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਬਦਮਾਸ਼ਾਂ ਨੇ ਪੈਸੇ ਨਾ ਦੇਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। ਉਥੇ ਹੀ ਪੀੜਤ ਨੇ ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਹੈ। ਜਿਸ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।

ਦੱਸ ਦੇਈਏ ਕਿ ਪੀੜਤ ਸੰਦੀਪ ਸਿੰਘ ਦੀ ਬਰਸਤ ਰੋਡ 'ਤੇ ਕਾਰਾਂ ਵੇਚਣ ਦੀ ਦੁਕਾਨ ਹੈ। ਪਿਛਲੇ 15 ਦਿਨਾਂ ਤੋਂ ਸੰਦੀਪ ਨੂੰ ਬਦਮਾਸ਼ ਰਾਕੇਸ਼ ਪੱਪੂ ਦੇ ਨਾਂ ਤੋਂ ਵਟਸਐਪ ਕਾਲ ਆ ਰਹੀ ਸੀ। ਸ਼ੁਰੂਆਤ 'ਚ ਉਨ੍ਹਾਂ ਨੇ ਫੋਨ ਕਾਲ ਨੂੰ ਫਰਾਡ ਸਮਝ ਕੇ ਅਣਸੁਣਿਆ ਕਰ ਦਿੱਤਾ ਪਰ ਕਰੀਬ 3 ਦਿਨ ਤੋਂ ਉਨ੍ਹਾਂ ਦੇ ਘਰ ਵਿਚ ਵੀ ਕੁਝ ਨੌਜਵਾਨ ਆਉਣ ਲੱਗੇ ਅਤੇ ਫਿਰੌਤੀ ਦੀ ਮੰਗ ਕੀਤੀ ਗਈ।

ਬਦਮਾਸ਼ਾਂ ਨੇ ਕਿਹਾ ਕਿ ਜੇਕਰ ਪੈਸੇ ਸਮੇਂ 'ਤੇ ਨਹੀਂ ਮਿਲੇ ਤਾਂ ਪੂਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਣਗੇ, ਜਿਸ ਤੋਂ ਪਰੇਸ਼ਾਨ ਹੋ ਕੇ ਪੀੜਤ ਸੰਦੀਪ ਐੱਸ. ਪੀ. ਦਫ਼ਤਰ ਪਹੁੰਚਿਆ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਵੇਖਣ ਵਾਲੀ ਗੱਲ ਹੋਵੇਗੀ ਕਿ ਦੋਸ਼ੀਆਂ ਨੂੰ ਪੁਲਸ ਕਦੋਂ ਤੱਕ ਗ੍ਰਿਫ਼ਤਾਰ ਕਰਦੀ ਹੈ।


author

Tanu

Content Editor

Related News