ਹੁਣ ਅੰਤਿਮ ਸੰਸਕਾਰ ਲਈ ਲੱਕੜਾਂ ਦੀ ਬਜਾਏ ਹਰਿਆਣਾ ਕਰ ਸਕੇਗਾ ‘ਗੋਹਾ’ ਇਸਤੇਮਾਲ
Thursday, May 13, 2021 - 02:05 PM (IST)
ਗੁਰੂਗ੍ਰਾਮ— ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਭਾਰਤ ’ਚ ਹਾਹਾਕਾਰ ਮਚੀ ਹੋਈ ਹੈ। ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਮੌਤਾਂ ਦਾ ਅੰਕੜਾ 2,58,317 ਹੋ ਗਿਆ ਹੈ। ਹੁਣ ਰੋਜ਼ਾਨਾ 4 ਹਜ਼ਾਰ ਤੋਂ ਉੱਪਰ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਅਜਿਹੇ ਵਿਚ ਸ਼ਮਸ਼ਾਨਘਾਟਾਂ ’ਚ ਅੰਤਿਮ ਸੰਸਕਾਰ ਲਈ ਲੱਕੜਾਂ ਵੀ ਘੱਟ ਪੈਂਦੀਆਂ ਜਾ ਰਹੀਆਂ ਹਨ। ਹਰਿਆਣਾ ਦਾ ਗੁਰੂਗ੍ਰਾਮ ਮਿ੍ਰਤਕਾਂ ਦਾ ਅੰਤਿਮ ਸੰਸਕਾਰ ਕਰਨ ਲਈ ਗੋਹੇ ਦਾ ਇਸਤੇਮਾਲ ਕਰ ਸਕੇਗਾ। ਦਰਅਸਲ ਕੋਵਿਡ-19 ਕਾਰਨ ਵੱਧਦੀਆਂ ਮੌਤਾਂ ਦਰਮਿਆਨ ਵਾਤਾਵਾਰਣ ਪ੍ਰੇਮੀਆਂ ਨੇ ਹਰਿਆਣਾ ਸਰਕਾਰ ਨੂੰ ਲੱਕੜਾਂ ਦੀ ਬਜਾਏ ਸ਼ਮਸ਼ਾਨ ਘਾਟ ਲਈ ਗੋਹੇ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ।
ਦਰਅਸਲ ਸੂਬਾ ਸ਼ਹਿਰੀ ਸਥਾਨਕ ਸੰਸਥਾਵਾਂ ਵਲੋਂ ਜੰਗਲਾਤ ਮਹਿਕਮੇ ਤੋਂ 20,000 ਟਨ ਲੱਕੜ ਦੀ ਮੰਗ ਕੀਤੀ ਗਈ। ਜਿਸ ਦੇੇ ਵਿਰੋਧ ਵਿਚ ਸਥਾਨਕ ਵਾਤਾਵਾਰਣ ਪ੍ਰੇਮੀਆਂ ਨੇ ਸੂਬਾ ਸਰਕਾਰ ਨੂੰ ਸ਼ਮਸ਼ਾਨ ਘਾਟ ’ਚ ਗੋਹੇ ਦਾ ਇਸਤੇਮਾਲ ਕਰਨ ਦੀ ਆਗਿਆ ਦੇਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸੂਬਾ ਵਿਆਪੀ ਤਾਲਾਬੰਦੀ ਦਰਮਿਆਨ ਦਰੱਖ਼ਤਾਂ ਦੀ ਕਟਾਈ ਦੀ ਆਗਿਆ ਦੇਣ ਵਾਲੇ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉੱਘੇ ਵਾਤਾਵਰਣ ਪ੍ਰੇਮੀ, ਵੈਸ਼ਾਲੀ ਰਾਣਾ ਚੰਦਰ ਅਤੇ ਵਿਵੇਕ ਕੰਬੋਜ਼ ਵਲੋਂ ਮੁੱਖ ਸਕੱਤਰ ਵਿਜੇ ਵਰਧਨ ਨੂੰ ਲਿਖੀ ਗਈ ਚਿੱਠੀ ’ਚ ਕਿਹਾ ਕਿ ਦਿੱਲੀ, ਨਾਗਪੁਰ, ਭੋਪਾਲ ਅਤੇ ਵਾਰਾਨਸੀ ਵਰਗੇ ਸ਼ਹਿਰਾਂ ਨੇ ਪਹਿਲਾਂ ਹੀ ਅੰਤਿਮ ਸੰਸਕਾਰ ਲਈ ਲੱਕੜ ਦੀ ਥਾਂ ਗਾਂ ਦੇ ਗੋਹੇ ਨੇ ਲੈ ਲਈ ਹੈ। ਅਸੀਂ ਅਜੇ ਵੀ ਪੁਰਾਣੀ ਪਰੰਪਰਾ ਨਾਲ ਕਿਉਂ ਚਿਪਕੇ ਹੋਏ ਹਾਂ? ਅਜਿਹੀ ਸਥਿਤੀ ਵਿਚ ਜਦੋਂ ਲੋਕ ਆਕਸੀਜਨ ਲਈ ਸੰਘਰਸ਼ ਕਰ ਰਹੇ ਹਨ, ਤਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਰ ਦਰੱਖ਼ਤ ਨੂੰ ਬਚਾਇਆ ਜਾਵੇ। ਹਰਿਆਣਾ ਆਪਣੇ ਸਭ ਤੋਂ ਘੱਟ ਜੰਗਲੀ ਖੇਤਰ ਲਈ ਬਦਨਾਮ ਹੈ।