ਹਰਿਆਣਾ : ਅਨਿਲ ਵਿੱਜ ਖੇਤੀਬਾੜੀ ਮੰਤਰੀ ਨੂੰ ਲਿਖਣਗੇ ਚਿੱਠੀ, ਕਿਸਾਨਾਂ ਨੂੰ ਹੱਦਾਂ ’ਤੋਂ ਹਟਾਉਣ ਦੀ ਕਰਨਗੇ ਅਪੀਲ

04/09/2021 4:36:49 PM

ਚੰਡੀਗੜ੍ਹ (ਭਾਸ਼ਾ) : ਹਰਿਆਣਾ ’ਚ ਕੋਵਿਡ-19 ਮਾਮਲਿਆਂ ’ਚ ਵਾਧੇ ਦਰਮਿਆਨ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਕਿਹਾ ਕਿ ਦਿੱਲੀ ਨਾਲ ਲੱਗਦੀਆਂ ਸੂਬੇ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਨੂੰ ਲੈ ਕੇ ਉਹ ਚਿੰਤਤ ਹਨ ਅਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਤੇ ਮੁੱਦੇ ਦੇ ਹੱਲ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖਣਗੇ। ਵਿਜ ਹਰਿਆਣਾ ਦੇ ਸਿਹਤ ਮੰਤਰੀ ਵੀ ਹਨ। ਉਨ੍ਹਾਂ ਕਿਹਾ ਕਿ ਸੂਬੇ ’ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਉਹ ਸਭ ਕਰ ਰਹੇ ਹਾਂ...ਪਰ ਮੇਰੀ ਚਿੰਤਾ ਇਹ ਹੈ ਕਿ ਵੱਡੀ ਗਿਣਤੀ ’ਚ ਕਿਸਾਨ ਹਰਿਆਣਾ ਦੀਆਂ ਹੱਦਾਂ ’ਤੇ ਬੈਠੇ ਹਨ। ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਵੀ ਕੋਰੋਨਾ ਵਾਇਰਸ ਤੋਂ ਬਚਾਉਣਾ ਹੈ।’’

ਉਨ੍ਹਾਂ ਕਿਹਾ, ‘‘ਮੈਂ ਜਲਦ ਹੀ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਚਿੱਠੀ ਲਿਖਣ ਜਾ ਰਿਹਾ ਹਾਂ ਤਾਂ ਕਿ ਇਸ ਮੁੱਦੇ ਦਾ ਹੱਲ ਹੋਵੇ ਅਤੇ ਵੱਡੀ ਗਿਣਤੀ ’ਚ ਬੈਠੇ ਕਿਸਾਨ ਵਾਪਸ ਘਰ ਜਾ ਸਕਣ। ਕਿਸੇ ਵੀ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾ ਸਕਦਾ ਹੈ।’’ ਸਿਹਤ ਵਿਭਾਗ ਅਨੁਸਾਰ ਹਰਿਆਣਾ ’ਚ ਸ਼ੁੱਕਰਵਾਰ ਚਾਰ ਮਹੀਨਿਆਂ ’ਚ ਇਕ ਦਿਨ ’ਚ ਸਭ ਤੋਂ ਵੱਧ 2872 ਨਵੇਂ ਮਾਮਲੇ ਸਾਹਮਣੇ ਆਏ। ਵੱਡੀ ਗਿਣਤੀ ਕਿਸਾਨ ਦਿੱਲੀ ਦੀਆਂ ਤਿੰਨ ਹੱਦਾਂ ’ਤੇ ਡੇਰਾ ਲਾਈ ਬੈਠੇ ਹਨ ਅਤੇ ਕੇਂਦਰ ਤੋਂ ਤਿੰਨ ਖੇਤੀ ਕਾਨੂੰਨਾਂ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕੇਂਦਰ ਦਾ ਕਹਿਣਾ ਹੈ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਨੂੰ ਵਿਚੋਲਿਆਂ ਤੋਂ ਮੁਕਤ ਕਰਨਗੇ, ਜਿਸ ਨਾਲ ਉਨ੍ਹਾਂ ਨੂੰ ਆਪਣੀ ਫਸਲ ਵੇਚਣ ਦੇ ਜ਼ਿਆਦਾ ਬਦਲ ਮਿਲਣਗੇ। ਹਾਲਾਂਕਿ ਪ੍ਰਦਰਸ਼ਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਕਾਨੂੰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਪ੍ਰਣਾਲੀ ਨੂੰ ਕਮਜ਼ੋਰ ਕਰਨਗੇ ਅਤੇ ਉਨ੍ਹਾਂ ਨੂੰ ਵੱਡੇ ਕਾਰਪੋਰੇਟਾਂ ਦੀ ਦਇਆ ’ਤੇ ਛੱਡ ਦੇਣਗੇ।

 


Anuradha

Content Editor

Related News