ਸ੍ਰੀ ਗੁਰੂ ਰਵਿਦਾਸ ਮੰਦਰ ਵਿਵਾਦ : ਦਿੱਲੀ ਉਪ ਰਾਜਪਾਲ ਨੂੰ ਮਿਲੇ ਹਰਦੀਪ ਪੁਰੀ

08/13/2019 5:56:55 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਤੁਗ਼ਲਕਾਬਾਦ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਤੋਂ ਪੈਦਾ ਵਿਵਾਦ ਦਰਮਿਆਨ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਅੱਜ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ। ਪੁਰੀ ਨੇ ਬੈਜਲ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਦੀ ਥਾਂ ਖਾਲੀ ਕਰਾਉਣ ਦੇ ਸੁਪਰੀਮ ਕੋਰਟ ਦੇ ਹੁਕਮ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ। ਪੁਰੀ ਨੇ ਟਵੀਟ ਕੀਤਾ, ''ਅਸੀਂ, ਦਿੱਲੀ ਵਿਕਾਸ ਅਥਾਰਿਟੀ (ਡੀ. ਡੀ. ਏ.) ਦੇ ਉੱਪ ਪ੍ਰਧਾਨ ਨਾਲ ਕੋਈ ਹੱਲ ਲੱਭਣ ਅਤੇ ਇਕ ਅਜਿਹੇ ਸਥਾਨ ਦੀ ਪਛਾਣ ਕਰਨ ਨੂੰ ਵਚਨਬੱਧ ਹਾਂ, ਜਿੱਥੇ ਮੰਦਰ ਮੁੜ ਸਥਾਪਤ ਕੀਤਾ ਜਾ ਸਕੇ।'' ਉਨ੍ਹਾਂ ਨੇ ਕਿਹਾ ਅਸੀਂ ਪ੍ਰਭਾਵਿਤ ਪੱਖਾਂ ਨੂੰ ਇਸ ਸਬੰਧ ਵਿਚ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਮਾਣਯੋਗ ਅਦਾਲਤ 'ਚ ਅਪੀਲ ਕਰਨ ਦਾ ਵੀ ਸੁਝਾਅ ਦਿੱਤਾ ਹੈ।

PunjabKesari
ਦੱਸਣਯੋਗ ਹੈ ਕਿ ਇਸ ਮੁੱਦੇ 'ਤੇ ਮੰਗਲਵਾਰ ਭਾਵ ਅੱਜ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਦੇ ਕਈ ਹਿੱਸਿਆਂ 'ਚ ਪੂਰਨ ਬੰਦ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਸਮੇਤ ਕਈ ਥਾਂਵਾਂ 'ਤੇ ਸੜਕਾਂ ਨੂੰ ਬੰਦ ਕਰ ਦਿੱਤਾ, ਜਿਸ ਕਾਰਨ ਲੰਬਾ ਜਾਮ ਲੱਗ ਗਿਆ। ਰਾਸ਼ਟਰੀ ਰਾਜਧਾਨੀ ਦੇ ਤੁਗ਼ਲਕਾਬਾਦ ਵਨ ਖੇਤਰ ਸਥਿਤ ਇਸ ਮੰਦਰ ਨੂੰ ਸ਼ਨੀਵਾਰ ਸਵੇਰੇ ਢਾਹ ਦਿੱਤਾ ਗਿਆ ਸੀ। ਦਿੱਲੀ ਵਿਕਾਸ ਅਥਾਰਿਟੀ ਨੇ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਢਾਂਚੇ ਨੂੰ ਢਾਹਿਆ ਗਿਆ। ਇਸ ਨੇ ਆਪਣੇ ਬਿਆਨ 'ਚ 'ਮੰਦਰ' ਸ਼ਬਦ ਦਾ ਇਸਤੇਮਾਲ ਨਹੀਂ ਕੀਤਾ। ਦਿੱਲੀ ਵਿਕਾਸ ਅਥਾਰਿਟੀ ਦਾ ਦਾਅਵਾ ਹੈ ਕਿ ਮੰਦਰ ਉਸ ਦੀ ਜ਼ਮੀਨ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਬਣਾਇਆ ਗਿਆ ਸੀ, ਜਿਸ ਦਾ ਮਾਮਲਾ ਕੋਰਟ 'ਚ ਸੁਣਿਆ ਗਿਆ ਅਤੇ ਅਖੀਰ ਇਸ ਨੂੰ ਢਾਹੁਣ ਦੇ ਹੁਕਮ ਦਿੱਤੇ ਗਏ।


Tanu

Content Editor

Related News