ਸੁਪਰਸੋਨਿਕ ਟ੍ਰੇਨਰ ਜਹਾਜ਼ ਤੋਂ ਹਟਾਈ ਹਨੂੰਮਾਨ ਦੀ ਤਸਵੀਰ, ਦੱਸੀ ਇਹ ਵਜ੍ਹਾ
Wednesday, Feb 15, 2023 - 11:26 AM (IST)

ਬੇਂਗਲੁਰੂ– ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਨੇ ਏਅਰੋ ਇੰਡੀਆ-2023 ਦੌਰਾਨ ਕੰਪਨੀ ਦੇ ਸੁਪਰਸੋਨਿਕ ਟ੍ਰੇਨਰ ਜਹਾਜ਼ ਐੱਚ. ਐੱਲ. ਐੱਫ. ਟੀ.-42 ਦੇ ਪਿਛਲੇ ਹਿੱਸੇ ’ਤੇ ਲੱਗੀ ਭਗਵਾਨ ਹਨੂੰਮਾਨ ਦੀ ਤਸਵੀਰ ਹਟਾਉਣ ਨੂੰ ਲੈ ਕੇ ਉੱਠੇ ਵਿਵਾਦ ’ਤੇ ਇਹ ਕਹਿੰਦੇ ਹੋਏ ਰੋਕ ਲਗਾ ਦਿੱਤੀ ਕਿ ਕਿਸੇ ਗਲਤ ਵਿਆਖਿਆ ਤੋਂ ਬਚਣ ਲਈ ਅਜਿਹਾ ਕੀਤਾ ਗਿਆ।
ਐੱਚ. ਏ. ਐੱਲ. ਦੇ ਮੁੱਖ ਮੈਨੇਜਿੰਗ ਡਾਇਰੈਕਟਰ ਸੀ. ਬੀ. ਅਨੰਤਕ੍ਰਿਸ਼ਣਨ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਜਹਾਜ਼ ਦੇ ਪਿਛਲੇ ਹਿੱਸੇ ਵਿਚ ਤਸਵੀਰ ਲਾਉਣ ਦੀ ਕੋਈ ਵਿਸ਼ੇਸ਼ ਵਜ੍ਹਾ ਨਹੀਂ ਸੀ। ਜਹਾਜ਼ ਦੀ ਤਾਕਤ ਦਿਖਾਉਣ ਲਈ ਡਿਜ਼ਾਈਨਰ ਇਮੇਜ ਦੇ ਨਾਲ ਆਏ ਸਨ। ਅਸੀਂ ਕਿਸੇ ਤਰ੍ਹਾਂ ਦੀ ਗਲਤ ਵਿਆਖਿਆ ਤੋਂ ਬਚਣ ਲਈ ਇਸ ਨੂੰ ਹਟਾ ਦਿੱਤਾ।
ਜ਼ਿਕਰਯੋਗ ਹੈ ਕਿ ਮੈਗਾ ਏਅਰ ਸ਼ੋਅ ਦੇ ਉਦਘਾਟਨ ਸਮਾਰੋਹ ਮੌਕੇ ਐੱਚ. ਏ. ਐੱਲ. ਨੇ ਪ੍ਰਮੁੱਖ ਜੰਗੀ ਟ੍ਰੇਨਰ ਜਹਾਜ਼ ਦੇ ਸਕੇਲ ਮਾਡਲ ਦੀ ਘੁੰਡ-ਚੁਕਾਈ ਕੀਤੀ ਸੀ। ਇਸੇ ਦੌਰਾਨ ਇਕ ਵੱਡਾ ਵਿਵਾਦ ਉਦੋਂ ਸਾਹਮਣੇ ਆਇਆ ਜਦੋਂ ਜਹਾਜ਼ ਦੇ ਪਿਛਲੇ ਹਿੱਸੇ ਵਿਚ ਹਨੂੰਮਾਨ ਦੀ ਤਸਵੀਰ ਨੂੰ ਲੈ ਕੇ ਸਮਾਜ ਦੇ ਇਕ ਵਰਗ ਨੇ ਸਰਕਾਰੀ ਕੰਪਨੀ ਦੇ ਇਸ ਡਿਜ਼ਾਈਨ ’ਤੇ ਸਵਾਲ ਉਠਾਉਣਾ ਸ਼ੁਰੂ ਕਰ ਦਿੱਤਾ।