ਸ਼ਰਧਾਲੂਆਂ ਲਈ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ

10/10/2020 5:08:59 PM

ਚਮੋਲੀ— ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਸ਼ਨੀਵਾਰ ਯਾਨੀ ਕਿ ਅੱਜ ਸਰਦ ਰੁੱਤ ਕਾਰਨ ਸ਼ਰਧਾਲੂਆਂ ਲਈ ਬੰਦ ਕਰ ਦਿੱਤੇ ਗਏ ਹਨ। ਕਿਵਾੜ ਬੰਦ ਹੋਣ ਦੌਰਾਨ ਕਰੀਬ 1350 ਸਿੱਖ ਸ਼ਰਧਾਲੂ ਅੰਤਿਮ ਅਰਦਾਸ ਵਿਚ ਸ਼ਾਮਲ ਰਹੇ। ਇਸ ਦੇ ਨਾਲ ਹੀ ਪਵਿੱਤਰ ਤੀਰਥ ਧਾਮ ਲਕਸ਼ਮਣ ਮੰਦਰ-ਲੋਕਪਾਲ ਦੇ ਕਿਵਾੜ ਵੀ ਬੰਦ ਹੋ ਗਏ ਹਨ। ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਣ ਦੀ ਪ੍ਰਕਿਰਿਆ ਸ਼ਨੀਵਾਰ ਸਵੇਰੇ ਸ਼ੁਰੂ ਹੋਈ ਸੀ। ਸਵੇਰੇ 9.30 ਵਜੇ ਪਹਿਲੀ ਅਰਦਾਸ ਹੋਈ। ਇਸ ਤੋਂ ਬਾਅਦ 10 ਵਜੇ ਸੁਖਮਣੀ ਦਾ ਪਾਠ ਅਤੇ 11 ਵਜੇ ਸ਼ਬਦ ਕੀਰਤਨ ਹੋਇਆ। ਦੁਪਹਿਰ 12.30 ਵਜੇ ਇਸ ਸਾਲ ਦੀ ਅੰਤਿਮ ਅਰਦਾਸ ਪੜ੍ਹਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਚਖੰਡ 'ਚ ਵਿਰਾਜਮਾਨ ਕੀਤਾ ਗਿਆ ਅਤੇ ਦੁਪਹਿਰ 1.30 ਵਜੇ ਹੇਮਕੁੰਟ ਸਾਹਿਬ ਦੇ ਕਿਵਾੜ ਸਰਦ ਰੁੱਤ ਕਾਰਨ ਬੰਦ ਕਰ ਦਿੱਤੇ ਗਏ। 

ਦੱਸ ਦੇਈਏ ਕਿ ਇਸ ਸਾਲ ਕੋਰੋਨਾ ਮਹਾਮਾਰੀ ਕਾਰਨ ਹੇਮਕੁੰਟ ਸਾਹਿਬ ਦੇ ਕਿਵਾੜ ਦੇਰ ਨਾਲ 4 ਸਤੰਬਰ 2020 ਨੂੰ ਸ਼ਰਧਾਲੂਆਂ ਲਈ ਖੋਲ੍ਹੇ ਗਏ ਸਨ। ਇਸ ਸਾਲ 36 ਦਿਨਾਂ ਤੱਕ ਚਲੀ ਯਾਤਰਾ ਵਿਚ ਕਰੀਬ 8500 ਸ਼ਰਧਾਲੂ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੋਏ। ਜਦਕਿ ਪਿਛਲੇ ਸਾਲ 2.39 ਲੱਖ ਤੋਂ ਵਧੇਰੇ ਸ਼ਰਧਾਲੂ ਹੇਮਕੁੰਟ ਸਾਹਿਬ ਪਹੁੰਚੇ ਸਨ। 
ਓਧਰ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ 36 ਦਿਨਾਂ ਤੱਕ ਚਲੀ ਇਸ ਸਾਲ ਦੀ ਯਾਤਰਾ ਵਿਚ ਉਨ੍ਹਾਂ ਨੇ ਸ਼ਾਸਨ, ਪ੍ਰਸ਼ਾਸਨ ਅਤੇ ਪੁਲਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ। ਇਸ ਲਈ ਟਰੱਸਟ ਸਾਰਿਆਂ ਦਾ ਧੰਨਵਾਦ ਜ਼ਾਹਰ ਕਰਦਾ ਹੈ।  ਉਨ੍ਹਾਂ ਦੱਸਿਆ ਕਿ ਹੇਮਕੁੰਟ ਸਾਹਿਬ ਪਹੁੰਚੇ ਸਾਰੇ ਸ਼ਰਧਾਲੂਆਂ ਨੇ ਵੀ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਹੋਏ ਟਰੱਸਟ ਨੂੰ ਪੂਰਾ ਸਹਿਯੋਗ ਦਿੱਤਾ ਹੈ। 

ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਣ ਦੇ ਮੌਕੇ 'ਤੇ ਟਰੱਸਟ ਦੇ ਜਨਰਲ ਸੈਕਟਰੀ ਸਰਦਾਰ ਰਵਿੰਦਰ ਸਿੰਘ, ਦਿੱਲੀ ਤੋਂ ਸੰਦੀਪ ਸਿੰਘ, ਪੰਜਾਬ ਤੋਂ ਗੁਰਮਕ ਸਿੰਘ ਦੇ ਨਾਲ ਹੀ ਪੁਣੇ, ਨਾਗਪੁਰ, ਉੱਤਰਾਖੰਡ ਆਦਿ ਕਈ ਥਾਂਵਾਂ ਤੋਂ ਸੰਗਤ ਮੌਜੂਦ ਰਹੀ। ਇਸ ਦੇ ਨਾਲ ਹੀ ਉੱਚ ਹਿਮਾਲਿਆ ਖੇਤਰ ਵਿਚ ਸਥਿਤ ਹਿੰਦੂਆਂ ਦੇ ਪਵਿੱਤਰ ਤੀਰਥ ਲਕਸ਼ਮਣ ਮੰਦਰ-ਲੋਕਪਾਲ ਦੇ ਕਿਵਾੜ ਵੀ ਸ਼ਨੀਵਾਰ ਨੂੰ ਸਰਦ ਰੁੱਤ ਕਾਰਨ ਬੰਦ ਕਰ ਦਿੱਤੇ ਗਏ ਹਨ।


Tanu

Content Editor

Related News