ਗੁਰਦੁਆਰਾ ਬੰਗਲਾ ਸਾਹਿਬ ''ਚ ਦਿਵਯਾਂਗਾਂ ਸਮੇਤ ਬਜ਼ੁਰਗ ਸੰਗਤ ਨੂੰ ਮਿਲੇਗੀ ਵਿਸ਼ੇਸ਼ ਸਹੂਲਤ

10/20/2019 12:58:15 PM

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਸਭ ਤੋਂ ਵੱਡੇ ਸਿੱਖ ਧਾਰਮਿਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿਵਯਾਂਗ (ਅਪਾਹਜਾਂ) ਅਤੇ ਬਜ਼ੁਰਗ ਸੰਗਤ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ। ਦਿਵਯਾਂਗ ਅਤੇ ਬਜ਼ੁਰਗ ਸ਼ਰਧਾਲੂਆਂ ਲਈ ਵ੍ਹੀਲ ਚੇਅਰ ਅਤੇ ਸਪੈਸ਼ਲ ਚੇਅਰ ਲਿਫਟ ਸਮੇਤ ਕੁਝ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਸ ਨਾਲ ਉਹ ਮੁੱਖ ਦਰਬਾਰ ਹਾਲ 'ਚ ਆਸਾਨੀ ਨਾਲ ਪਹੁੰਚ ਕੇ ਅਰਦਾਸ ਕਰ ਸਕਣਗੇ। ਦਿੱਲੀ ਸਿੱਖ ਗੁਰਦੁਆਰਾਂ ਪ੍ਰਬੰਧਕ ਕਮੇਟੀ ਨੇ ਦਿਵਯਾਂਗ ਅਤੇ ਬਜ਼ੁਰਗ ਸੰਗਤ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਦੁਆਰਾ ਕੰਪਲੈਕਸ ਦੇ ਢਾਂਚੇ ਦਾ ਨਵੀਨੀਕਰਣ ਕਰਨ ਦਾ ਫੈਸਲਾ ਕੀਤਾ ਹੈ।

ਗੁਰਦੁਆਰਾ ਕੰਪਲੈਕਸ ਅਤੇ ਦਰਬਾਰ ਹਾਲ 'ਚ ਉਨ੍ਹਾਂ ਦੇ ਆਉਣ ਲਈ ਵ੍ਹੀਲ ਚੇਅਰ, ਬੈਟਰੀ ਨਾਲ ਚੱਲਣ ਵਾਲੀ ਗੱਡੀ, ਰਸਤਾ ਅਤੇ ਰੇਲਿੰਗ ਦੀ ਵਿਵਸਥਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਲਈ ਖਾਸ ਪਖਾਨੇ ਅਤੇ ਹੋਰ ਸਹੂਲਤਾਂ ਦੀ ਵੀ ਵਿਵਸਥਾ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਕੀਤੀਆਂ ਜਾ ਰਹੀਆਂ ਵਿਵਸਥਾਵਾਂ ਤਹਿਤ ਇਨ੍ਹਾਂ ਸ਼ਰਧਾਲੂਆਂ ਲਈ ਗੁਰਦੁਆਰੇ ਦੇ ਸਾਹਮਣੇ ਵਾਲੇ ਹਿੱਸੇ ਤੋਂ ਮੁੱਖ ਦਰਬਾਰ ਹਾਲ ਤਕ 20 ਲੱਖ ਰੁਪਏ ਦੀ ਲਾਗਤ ਨਾਲ ਇਕ ਨਵੀਂ ਲਿਫਟ ਦਾ ਨਿਰਮਾਣ ਜ਼ੋਰਾਂ 'ਤੇ ਹੈ। ਇਸ ਦੇ ਨਵੰਬਰ ਤਕ ਚਾਲੂ ਹੋਣ ਦੀ ਉਮੀਦ ਹੈ।

ਉਨ੍ਹਾਂ ਨੇ ਦੱਸਿਆ ਕਿ ਆਮ ਦਿਨਾਂ 'ਚ ਲੱਗਭਗ 35 ਹਜ਼ਾਰ ਸ਼ਰਧਾਲੂ ਅਤੇ 2 ਹਜ਼ਾਰ ਵਿਦੇਸ਼ੀ ਸੈਲਾਨੀ ਗੁਰੂ ਘਰ ਵਿਚ ਨਤਮਸਤਕ ਹੁੰਦੇ ਹਨ। ਕਮੇਟੀ ਨੂੰ ਉਮੀਦ ਹੈ ਕਿ ਨਵੀਂ ਅਤੇ ਬਿਹਤਰ ਸਹੂਲਤਾਂ ਨਾਲ ਇਸ ਪਵਿੱਤਰ ਅਸਥਾਨ 'ਤੇ ਸੰਗਤ ਦੀ ਗਿਣਤੀ ਵਿਚ ਆਉਣ ਵਾਲੇ ਸਮੇਂ ਵਿਚ ਵਾਧਾ ਹੋਵੇਗਾ। ਕਮੇਟੀ ਨੇ ਇਕ ਬਿਆਨ ਮੁਤਾਬਕ ਪ੍ਰਸ਼ਾਦਾ ਅਤੇ ਲੰਗਰ ਲਈ ਵੀ ਦਿਵਯਾਂਗ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ।


Tanu

Content Editor

Related News