ਗੁਰਦੁਆਰਾ ਮਜਨੂੰ ਕਾ ਟਿੱਲਾ ''ਚ ਫਸੇ 300 ਲੋਕ, ਸਿਰਸਾ ਨੇ ਕੈਪਟਨ ਤੇ ਕੇਜਰੀਵਾਲ ਨੂੰ ਕੀਤੀ ਇਹ ਅਪੀਲ

03/31/2020 7:19:03 PM

ਨਵੀਂ ਦਿੱਲੀ, (ਚਾਵਲਾ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਫਸੇ ਹੋਏ 300 ਲੋਕਾਂ ਨੂੰ ਤੁਰੰਤ ਇਥੋਂ ਕੱਢਿਆ ਜਾਵੇ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸਿਰਸਾ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ ਪੈਦਲ ਚੱਲ ਕੇ 300 ਦੇ ਕਰੀਬ ਵਿਅਕਤੀ ਇਥੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਨ੍ਹਾਂ ਨੂੰ ਖਾਣੇ ਸਮੇਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਕੁਝ ਨੂੰ ਖਾਂਸੀ ਅਤੇ ਬੁਖ਼ਾਰ ਹੈ ਅਤੇ ਇਨ੍ਹਾਂ ਨੂੰ ਤੁਰੰਤ ਇਥੋਂ ਕੱਢ ਕੇ ਇਨ੍ਹਾਂ ਦਾ ਚੈਕਅਪ ਕਰਵਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਸਮਾਂ ਰਹਿੰਦੇ ਕਾਰਵਾਈ ਨਾ ਹੋਣ 'ਤੇ ਇਥੇ ਵੀ ਮਨੁੱਖੀ ਬੰਬ ਵਾਲਾ ਕੰਮ ਹੋਵੇ ਤੇ ਇਹ ਇਨਫੈਕਸ਼ਨ ਵੱਡੀ ਪੱਧਰ 'ਤੇ ਫੈਲ ਜਾਵੇ।

ਉਨ੍ਹਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਟਵੀਟ ਕਰ ਚੁੱਕੇ ਹਨ ਪਰ ਪੰਜਾਬ ਸਰਕਾਰ ਇਹਨਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਅਤੇ ਨਾਜ਼ੁਕ ਮਾਮਲਾ ਹੈ ਜਿਸ ਵਿਚ ਤੁਰੰਤ ਹੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੋਵਾਂ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਇਸ ਮਾਮਲੇ ਵਿਚ ਕਦਮ ਚੁੱਕਣ ਅਤੇ ਇਹਨਾਂ 300 ਲੋਕਾਂ ਨੂੰ ਇਥੋਂ ਕੱਢਣ ਦਾ ਉਪਰਾਲਾ ਕੀਤਾ ਜਾਵੇ।


Deepak Kumar

Content Editor

Related News