ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ ਗੁਰਦੀਪ ਨੇ ਰਚਿਆ ਇਤਿਹਾਸ, ਮਿਲੀ ਸਰਕਾਰੀ ਨੌਕਰੀ

Wednesday, Jul 02, 2025 - 05:06 PM (IST)

ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ ਗੁਰਦੀਪ ਨੇ ਰਚਿਆ ਇਤਿਹਾਸ, ਮਿਲੀ ਸਰਕਾਰੀ ਨੌਕਰੀ

ਇੰਦੌਰ- ਇੰਦੌਰ ਦੀ ਹੈਲਨ ਕੇਲਰ ਦੇ ਰੂਪ ਵਿਚ ਮਸ਼ਹੂਰ 34 ਸਾਲਾ ਗੁਰਦੀਪ ਕੌਰ ਵਾਸੂ ਬੋਲ, ਸੁਣ ਅਤੇ ਵੇਖ ਨਹੀਂ ਸਕਦੀ ਪਰ ਇਹ ਸਰੀਰਕ ਅਪੰਗਤਾਵਾਂ ਉਸ ਨੂੰ ਸਰਕਾਰੀ ਸੇਵਾ 'ਚ ਸ਼ਾਮਲ ਹੋਣ ਦੇ ਸੁਪਨੇ ਦੇਖਣ ਤੋਂ ਨਹੀਂ ਰੋਕ ਸਕੀਆਂ। ਸਮਾਜਿਕ, ਅਕਾਦਮਿਕ ਅਤੇ ਸਰਕਾਰੀ ਗਲਿਆਰਿਆਂ ਰਾਹੀਂ ਲੰਬੇ ਸੰਘਰਸ਼ ਤੋਂ ਬਾਅਦ ਗੁਰਦੀਪ ਦਾ ਸੁਪਨਾ ਆਖਰਕਾਰ ਸਾਕਾਰ ਹੋਇਆ ਹੈ। ਉਸ ਨੂੰ ਸੂਬੇ ਦੇ ਵਪਾਰਕ ਟੈਕਸ ਵਿਭਾਗ ਵਿਚ ਨਿਯੁਕਤ ਕੀਤਾ ਗਿਆ ਹੈ। 34 ਸਾਲਾ ਗੁਰਦੀਪ ਜੋ ਕਿ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਨਾਲ ਝੂਮ ਰਹੀ ਹੈ, ਉਸ ਨੇ ਆਪਣੇ ਹੱਥ ਫੈਲਾਏ ਅਤੇ ਇਸ਼ਾਰਿਆਂ ਵਿਚ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।

ਸਮਾਜਿਕ ਨਿਆਂ ਵਰਕਰਾਂ ਦਾ ਦਾਅਵਾ ਹੈ ਕਿ ਇਹ ਦੇਸ਼ ਦਾ ਪਹਿਲਾ ਮਾਮਲਾ ਹੈ, ਜਦੋਂ ਬੋਲ, ਸੁਣ ਅਤੇ ਵੇਖ ਨਾ ਸਕਣ ਵਾਲੀ ਕੋਈ ਮਹਿਲਾ ਸਰਕਾਰੀ ਸੇਵਾ ਵਿਚ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 12ਵੀਂ ਜਮਾਤ ਤੱਕ ਪੜ੍ਹਾਈ ਕਰਨ ਵਾਲੀ ਗੁਰਦੀਪ ਨੂੰ ਇੰਦੌਰ ਦੇ ਵਪਾਰਕ ਟੈਕਸ ਵਿਭਾਗ ਦੇ ਇਕ ਦਫ਼ਤਰ ਵਿਚ ਮਲਟੀਪਲ ਅਪੰਗਤਾਵਾਂ ਦੀ ਸ਼੍ਰੇਣੀ ਵਿਚ ਚੌਥੀ ਜਮਾਤ ਦੇ ਕਰਮਚਾਰੀ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿਭਾਗ ਦੀ ਵਧੀਕ ਕਮਿਸ਼ਨਰ ਸਪਨਾ ਪੰਕਜ ਸੋਲੰਕੀ ਨੇ ਦੱਸਿਆ ਕਿ ਅਪੰਗਾਂ ਲਈ ਇਕ ਵਿਸ਼ੇਸ਼ ਭਰਤੀ ਮੁਹਿੰਮ ਤਹਿਤ ਗੁਰਦੀਪ ਦੀ ਚੋਣ ਉਸ ਦੀ ਯੋਗਤਾ ਦੇ ਆਧਾਰ 'ਤੇ ਕੀਤੀ ਗਈ ਹੈ।

ਸਪਨਾ ਪੰਕਜ ਨੇ ਦੱਸਿਆ ਕਿ ਗੁਰਦੀਪ ਪੂਰੀ ਲਗਨ ਨਾਲ ਕੰਮ ਸਿੱਖ ਰਹੀ ਹੈ। ਉਹ ਸਮੇਂ ਸਿਰ ਦਫ਼ਤਰ ਆਉਂਦੀ ਅਤੇ ਜਾਂਦੀ ਹੈ। ਗੁਰਦੀਪ ਨੂੰ ਵਪਾਰਕ ਟੈਕਸ ਵਿਭਾਗ ਦੇ ਦਫ਼ਤਰ ਵਿਚ ਫਾਈਲਾਂ ਨੂੰ ਪੰਚਿੰਗ ਕਰਨ ਅਤੇ ਦਸਤਾਵੇਜ਼ਾਂ ਨੂੰ ਲਿਫ਼ਾਫ਼ਿਆਂ ਵਿਚ ਬੰਦ ਕਰਨ ਦਾ ਕੰਮ ਦਿੱਤਾ ਗਿਆ ਹੈ। ਉਹ ਵਿਭਾਗ ਦੇ ਕਰਮੀਆਂ ਦੀ ਮਦਦ ਨਾਲ ਇਹ ਕੰਮ ਸਿੱਖ ਰਹੀ ਹੈ। ਇਹ ਸਪੱਸ਼ਟ ਹੈ ਕਿ ਗੁਰਦੀਪ ਦਾ ਸਰਕਾਰੀ ਸੇਵਾ ਵਿਚ ਆਉਣ ਦਾ ਸਫ਼ਰ ਆਸਾਨ ਨਹੀਂ ਸੀ। ਗੁਰਦੀਪ ਦੀ ਮਾਂ ਮਨਜੀਤ ਕੌਰ ਵਾਸੂ ਆਪਣੀ ਧੀ ਦੀ ਪ੍ਰਾਪਤੀ 'ਤੇ ਭਾਵੁਕ ਹੋ ਗਈ ਅਤੇ ਕਿਹਾ ਕਿ ਗੁਰਦੀਪ ਮੇਰੇ ਪਰਿਵਾਰ ਦੀ ਪਹਿਲੀ ਮੈਂਬਰ ਹੈ ਜੋ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਈ ਹੈ। ਮੈਂ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਇਸ ਅਹੁਦੇ 'ਤੇ ਪਹੁੰਚੇਗੀ। ਅੱਜ-ਕੱਲ੍ਹ ਲੋਕ ਮੈਨੂੰ ਮੇਰੇ ਨਾਮ ਨਾਲ ਘੱਟ ਅਤੇ ਗੁਰਦੀਪ ਦੀ ਮਾਂ ਦੇ ਨਾਮ ਨਾਲ ਜ਼ਿਆਦਾ ਜਾਣਦੇ ਹਨ।

ਮਨਜੀਤ ਕੌਰ ਨੇ ਅੱਗੇ ਕਿਹਾ ਕਿ ਗੁਰਦੀਪ ਦਾ ਜਨਮ ਉਸ ਦੀ ਤੈਅ ਤਾਰੀਖ਼ ਤੋਂ ਪਹਿਲਾਂ ਹੋਇਆ ਸੀ ਅਤੇ ਪੇਚੀਦਗੀਆਂ ਕਾਰਨ ਉਸ ਨੂੰ ਜਨਮ ਤੋਂ ਬਾਅਦ ਲਗਭਗ ਦੋ ਮਹੀਨੇ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਮਨਜੀਤ ਨੇ ਕਿਹਾ ਕਿ ਉਸ ਦੀ ਧੀ ਪੰਜ ਮਹੀਨੇ ਦੀ ਹੋਣ ਤੱਕ ਕੁਝ ਵੀ ਜਵਾਬ ਨਹੀਂ ਦੇ ਰਹੀ ਸੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਬੋਲ, ਸੁਣ ਅਤੇ ਦੇਖ ਨਹੀਂ ਸਕਦੀ। ਗੁਰਦੀਪ ਦੇ ਸਰਕਾਰੀ ਨੌਕਰੀ ਵਿਚ ਸ਼ਾਮਲ ਹੋਣ ਤੋਂ ਬਾਅਦ ਦਿਵਿਆਂਗਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਲੋਕਾਂ ਵਿਚ ਖੁਸ਼ੀ ਦਾ ਮਾਹੌਲ ਹੈ। ਸਮਾਜਿਕ ਨਿਆਂ ਵਰਕਰ ਗਿਆਨੇਂਦਰ ਪੁਰੋਹਿਤ ਨੇ ਕਿਹਾ ਕਿ ਦੇਸ਼ ਵਿਚ ਇਹ ਪਹਿਲੀ ਵਾਰ ਹੈ ਕਿ ਇਕ ਔਰਤ ਜੋ ਬੋਲ, ਸੁਣ ਜਾਂ ਦੇਖ ਨਹੀਂ ਸਕਦੀ, ਸਰਕਾਰੀ ਸੇਵਾ 'ਚ ਸ਼ਾਮਲ ਹੋਈ ਹੈ। ਇਹ ਪੂਰੇ ਦਿਵਿਆਂਗ ਭਾਈਚਾਰੇ ਲਈ ਇਕ ਇਤਿਹਾਸਕ ਅਤੇ ਪ੍ਰੇਰਨਾਦਾਇਕ ਪਲ ਹੈ। ਪੁਰੋਹਿਤ ਨੇ ਕਿਹਾ ਕਿ ਗੁਰਦੀਪ ਵਰਗੇ ਲੋਕ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇਕ ਮੌਕਾ ਦੇਣ ਦੀ ਲੋੜ ਹੈ।


 


author

Tanu

Content Editor

Related News