ਪੰਜਾਬ ਪੁਲਸ ਦੀ ਇਨਪੁਟ 'ਤੇ ਗੁਜਰਾਤ ATS ਨੇ 350 ਕਰੋੜ ਦੀ ਹੈਰੋਇਨ ਕੀਤੀ ਜ਼ਬਤ
Tuesday, Jul 12, 2022 - 03:15 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਕੱਛ ਜ਼ਿਲ੍ਹੇ ਦੇ ਮੁੰਦਰਾ ਬੰਦਰਗਾਹ ਨੇੜੇ ਇਕ ਕੰਟੇਨਰ ਤੋਂ ਕਰੀਬ 70 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 350 ਕਰੋੜ ਰੁਪਏ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ, ਇਸ ਲਈ ਜ਼ਬਤ ਕੀਤੇ ਗਏ ਸਾਮਾਨ ਦੀ ਮਾਤਰਾ ਅਤੇ ਕੀਮਤ ਵਧ ਸਕਦੀ ਹੈ। ਅਧਿਕਾਰੀ ਦੇ ਅਨੁਸਾਰ, ਇਕ ਖਾਸ ਇਨਪੁਟ ਦੇ ਅਧਾਰ 'ਤੇ ਏ.ਟੀ.ਐੱਸ. ਨੇ ਇਕ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲਈ, ਜੋ ਕਿ ਕੁਝ ਸਮਾਂ ਪਹਿਲਾਂ ਕਿਸੇ ਹੋਰ ਦੇਸ਼ ਤੋਂ ਆਇਆ ਸੀ ਅਤੇ ਬੰਦਰਗਾਹ ਦੇ ਬਾਹਰ ਇਕ ਮਾਲ ਸਪਲਾਈ ਕੇਂਦਰ ਵਿਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਏ.ਟੀ.ਐੱਸ. ਨੇ ਕੰਟੇਨਰ 'ਚੋਂ ਕਰੀਬ 70 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਏ.ਟੀ.ਐੱਸ. ਅਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਸਮੇਤ ਵੱਖ-ਵੱਖ ਰਾਜ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਹਾਲ ਹੀ ਦੇ ਦਿਨਾਂ ਵਿਚ ਦੂਜੇ ਦੇਸ਼ਾਂ ਤੋਂ ਗੁਜਰਾਤ ਬੰਦਰਗਾਹਾਂ 'ਤੇ ਪਹੁੰਚਣ ਵਾਲੇ ਸ਼ਿਪਿੰਗ ਕੰਟੇਨਰਾਂ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਪੰਜਾਬ ਪੁਲਸ ਵਲੋਂ ਗੁਜਰਾਤ ਏ.ਟੀ.ਐੱਸ. ਨੂੰ ਜਾਣਕਾਰੀ ਦਿੱਤੀ ਗਈ ਸੀ, ਜਿਸ ਦੇ ਆਧਾਰ 'ਤੇ ਗੁਜਰਾਤ ਏ.ਟੀ.ਐੱਸ. ਵਲੋਂ ਮੁੰਦਰਾ ਬੰਦਰਗਾਹ ਤੋਂ 75 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਹ ਵੀ ਪੜ੍ਹੋ : ਆਟੋ 'ਚ ਸਵਾਰ ਸਨ ਮਿੰਨੀ ਬੱਸ ਜਿੰਨੇ ਯਾਤਰੀ, ਉੱਤਰ ਪ੍ਰਦੇਸ਼ ਦੀ ਇਹ ਵੀਡੀਓ ਵੇਖ ਹੋਵੇਗੇ ਹੈਰਾਨ
ਡੀ.ਆਰ.ਆਈ. ਨੇ ਪਿਛਲੇ ਸਾਲ ਸਤੰਬਰ 'ਚ ਮੁੰਦਰਾ ਬੰਦਰਗਾਹ 'ਤੇ 2 ਕੰਟੇਨਰਾਂ ਤੋਂ ਲਗਭਗ 3,000 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜੋ ਅਫਗਾਨਿਸਤਾਨ ਤੋਂ ਆਈ ਮੰਨੀ ਜਾਂਦੀ ਹੈ ਅਤੇ ਵਿਸ਼ਵ ਬਾਜ਼ਾਰਾਂ 'ਚ ਇਸ ਦੀ ਕੀਮਤ ਲਗਭਗ 21,000 ਕਰੋੜ ਰੁਪਏ ਸੀ। ਇਸ ਸਾਲ ਮਈ 'ਚ ਡੀ.ਆਰ.ਆਈ. ਨੇ ਮੁੰਦਰਾ ਬੰਦਰਗਾਹ ਨੇੜੇ ਇਕ ਕੰਟੇਨਰ 'ਚੋਂ 56 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ, ਜਿਸ ਦੀ ਕੀਮਤ ਲਗਭਗ 500 ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਅਪ੍ਰੈਲ 'ਚ ਡੀ.ਆਰ.ਆਈ. ਨੇ ਕੱਛ 'ਚ ਕਾਂਡਲਾ ਬੰਦਰਗਾਹ ਨੇੜੇ ਇਕ ਕੰਟੇਨਰ ਤੋਂ ਲਗਭਗ 1,439 ਕਰੋੜ ਰੁਪਏ ਦੀ 205.6 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਉਸੇ ਸਮੇਂ ਦੌਰਾਨ, ਗੁਜਰਾਤ ਏ.ਟੀ.ਐੱਸ. ਅਤੇ ਡੀ.ਆਰ.ਆਈ. ਨੇ ਇਕ ਸੰਯੁਕਤ ਆਪਰੇਸ਼ਨ ਚਲਾਇਆ ਅਤੇ ਇਰਾਨ ਤੋਂ ਅਮਰੇਲੀ ਜ਼ਿਲੇ ਦੇ ਪੀਪਾਵਾਵ ਬੰਦਰਗਾਹ 'ਤੇ ਪਹੁੰਚਣ ਵਾਲੇ ਇਕ ਸ਼ਿਪਿੰਗ ਕੰਟੇਨਰ ਤੋਂ 450 ਕਰੋੜ ਰੁਪਏ ਦੀ ਲਗਭਗ 90 ਕਿਲੋ ਹੈਰੋਇਨ ਬਰਾਮਦ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ