ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਦੀ ਦੀ ਮਾਂ ਨਾਲ ਕੀਤੀ ਮੁਲਾਕਾਤ
Sunday, Oct 13, 2019 - 01:12 PM (IST)
ਅਹਿਮਦਾਬਾਦ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਮੋਦੀ ਨਾਲ ਐਤਵਾਰ ਦੀ ਸਵੇਰ ਨੂੰ ਗਾਂਧੀਨਗਰ ਨੇੜੇ ਉਨ੍ਹਾਂ ਦੇ ਘਰ 'ਚ ਮੁਲਾਕਾਤ ਕੀਤੀ। ਗੁਜਰਾਤ ਦੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਪਤਨੀ ਸਵਿਤਾ ਕੋਵਿੰਦ ਨਾਲ ਪ੍ਰਧਾਨ ਮੰਤਰੀ ਦੀ ਮਾਂ ਹੀਰਾ ਬਾ ਨੂੰ ਮਿਲਣ ਪਹੁੰਚੇ। ਹੀਰਾ ਬਾ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਰਹਿੰਦੀ ਹੈ। ਰਾਸ਼ਟਰਪਤੀ ਕੋਵਿੰਦ ਨੇ ਉਨ੍ਹਾਂ ਨਾਲ ਕਰੀਬ ਅੱਧਾ ਘੰਟਾ ਬਿਤਾਇਆ।
ਇਸ ਤੋਂ ਬਾਅਦ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਕੋਬਾ ਸਥਿਤ ਮਹਾਵੀਰ ਜੈਨ ਆਰਾਧਨਾ ਕੇਂਦਰ ਪਹੁੰਚੇ ਅਤੇ ਆਚਾਰੀਆ ਸ਼੍ਰੀ ਪਦਮਸਾਗਰ ਸੂਰੀਜੀ ਦਾ ਆਸ਼ੀਰਵਾਦ ਲਿਆ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਉੱਥੇ ਉਨ੍ਹਾਂ ਦਾ ਸਵਾਗਤ ਕੀਤਾ। ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸ਼ਨੀਵਾਰ ਨੂੰ ਅਹਿਮਦਾਬਾਦ ਪਹੁੰਚੇ ਸਨ। ਰਾਜਪਾਲ ਆਚਾਰੀਆ ਦੇਵ ਵਰਤ ਨੇ ਰਾਜਭਵਨ 'ਚ ਉਨ੍ਹਾਂ ਦਾ ਸਵਾਗਤ ਕੀਤਾ ਸੀ, ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨੇ ਉੱਥੇ ਹੀ ਰਾਤ ਨੂੰ ਆਰਾਮ ਕੀਤਾ ਸੀ।