ਗੁਜਰਾਤ: ਭੁਪਿੰਦਰ ਪਟੇਲ ਸਰਕਾਰ ਦੇ ਨਵੇਂ ਮੰਤਰੀ ਅੱਜ ਚੁੱਕਣਗੇ ਸਹੁੰ
Thursday, Sep 16, 2021 - 12:17 PM (IST)
ਅਹਿਮਦਾਬਾਦ (ਭਾਸ਼ਾ)— ਗੁਜਰਾਤ ਵਿਚ ਭੁਪਿੰਦਰ ਪਟੇਲ ਦੀ ਅਗਵਾਈ ਵਾਲੀ ਸਰਕਾਰ ਦੇ ਨਵੇਂ ਮੰਤਰੀ ਗਾਂਧੀਨਗਰ ਸਥਿਤ ਰਾਜ ਭਵਨ ’ਚ ਵੀਰਵਾਰ ਯਾਨੀ ਕਿ ਅੱਜ ਸਹੁੰ ਚੁੱਕਣਗੇ। ਦੁਪਹਿਰ ਕਰੀਬ ਦੁਪਹਿਰ 1.30 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਅਜਿਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਪਾਰਟੀ ਸੂਬਾਈ ਕੈਬਨਿਟ ’ਚ ਨਵੇਂ ਚਿਹਰਿਆਂ ਨੂੰ ਸ਼ਾਮਲ ਕਰ ਸਕਦੀ ਹੈ। ਇਹ ਸਹੁੰ ਚੁੱਕ ਸਮਾਰੋਹ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਸੂਬੇ ’ਚ ਵਿਧਾਨ ਸਭਾ ਚੋਣਾਂ ਲਈ ਕਰੀਬ ਇਕ ਸਾਲ ਹੀ ਰਹਿ ਗਿਆ ਹੈ। ਕੈਬਨਿਟ ਵਿਚ ਪੁਰਾਣੇ ਚਿਹਰਿਆਂ ਨੂੰ ਸ਼ਾਮਲ ਨਾ ਕਰਨ ਦੇ ਭਾਜਪਾ ਦੇ ਫਾਰਮੂਲੇ ਨੂੰ ਵੇਖਦੇ ਹੋਏ ਇਸ ਗੱਲ ਨੂੰ ਲੈ ਕੇ ਖਦਸ਼ਾ ਹੈ ਕਿ ਇਸ ਵਾਰ ਕਿੰਨੇ ਲੋਕਾਂ ਨੂੰ ਕੈਬਨਿਟ ’ਚ ਥਾਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਭੁਪਿੰਦਰ ਪਟੇਲ ਬਣੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ, ਚੁੱਕੀ ਸਹੁੰ
ਦੱਸ ਦੇਈਏ ਕਿ ਅਹਿਮਦਾਬਾਦ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ, ਪਟਲੇ ਨੇ ਪਿਛਲੇ ਸ਼ਨੀਵਾਰ ਨੂੰ ਵਿਜੇ ਰੂਪਾਨੀ ਦੇ ਅਚਾਨਕ ਅਸਤੀਫ਼ਾ ਦੇਣ ਮਗਰੋਂ ਸੋਮਵਾਰ ਨੂੰ ਗੁਜਰਾਤ ਦੇ ਨਵੇਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਸੂਤਰਾਂ ਮੁਤਾਬਕ ਭਾਜਪਾ ਅਗਵਾਈ ਨੇ ਇਸ ਵਾਰ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਅਤੇ ਪੁਰਾਣੇ ਲੱਗਭਗ ਸਾਰੇ ਮੰਤਰੀਆਂ, ਇੱਥੋਂ ਤਕ ਕਿ ਸੀਨੀਅਰ ਨੇਤਾਵਾਂ ਨੂੰ ਵੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਜੋ ਰੂਪਾਨੀ ਸਰਕਾਰ ਦਾ ਹਿੱਸਾ ਸਨ।
ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਭਾਜਪਾ ’ਚ ਹੋਏ ਸ਼ਾਮਲ
ਇਸ ਤੋਂ ਪਹਿਲਾਂ ਸੱਤਾਧਾਰੀ ਭਾਜਪਾ ਨੇ ਐਲਾਨ ਕੀਤਾ ਸੀ ਕਿ ਸਹੁੰ ਚੁੱਕ ਸਮਾਰੋਹ ਬੁੱਧਵਾਰ ਦੁਪਹਿਰ ਆਯੋਜਿਤ ਕੀਤਾ ਜਾਵੇਗਾ ਅਤੇ ਇਸ ਲਈ ਸੂਬੇ ਦੀ ਰਾਜਧਾਨੀ ਵਿਚ ਸਥਿਤ ਰਾਜ ਭਵਨ ’ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਪ੍ਰੋਗਰਾਮ ਵਿਚ ਅਚਾਨਕ ਤਬਦੀਲੀ ਕਰ ਦਿੱਤੀ ਗਈ ਅਤੇ ਸਹੁੰ ਚੁੱਕ ਸਮਾਰੋਹ ਦੇ ਬੈਨਰ ਹਟਾ ਲਏ ਗਏ। ਨਾ ਤਾਂ ਭਾਜਪਾ ਅਤੇ ਨਾ ਹੀ ਸੂਬਾ ਸਰਕਾਰ ਨੇ ਪ੍ਰੋਗਰਾਮ ਟਾਲੇ ਜਾਣ ਦੇ ਸਬੰਧ ਵਿਚ ਕੋਈ ਕਾਰਨ ਦੱਸਿਆ। ਮੁੱਖ ਮੰਤਰੀ ਦਫ਼ਤਰ ਨੇ ਬੁੱਧਵਾਰ ਸ਼ਾਮ ਐਲਾਨ ਕੀਤਾ ਕਿ ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਗਾਂਧੀ ਨਗਰ ਸਥਿਤ ਰਾਜ ਭਵਨ ਵਿਚ ਵੀਰਵਾਰ ਦੁਪਹਿਰ 1.30 ਵਜੇ ਹੋਵੇਗਾ।
ਇਹ ਵੀ ਪੜ੍ਹੋ : ਭਵਾਨੀਪੁਰ ਸੀਟ: ਮਮਤਾ ‘ਦੀਦੀ’ ਸਿਰ ਸਜੇਗਾ ਜਿੱਤ ਦਾ ਤਾਜ! ਸਿਆਸੀ ਵਿਰੋਧੀਆਂ ਲਈ ਇਹ ਕਾਰਨ ਖ਼ਤਰੇ ਦੀ ਘੰਟੀ