ਅਨੋਖਾ ਵਿਆਹ: 42ਵੀਂ ਵਾਰ ਬਣਿਆ ਲਾੜਾ, ਫਿਰ ਵੀ ਨਹੀਂ ਮਿਲੀ ਲਾੜੀ

Saturday, Mar 15, 2025 - 09:11 PM (IST)

ਅਨੋਖਾ ਵਿਆਹ: 42ਵੀਂ ਵਾਰ ਬਣਿਆ ਲਾੜਾ, ਫਿਰ ਵੀ ਨਹੀਂ ਮਿਲੀ ਲਾੜੀ

ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਦੇ ਖੀਰੀ ਜ਼ਿਲੇ 'ਚ ਅਜਿਹੀ ਬਾਰਾਤ ਨਿਕਲੀ, ਜਿਸ 'ਚ ਲਾੜਾ ਘੋੜੀ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਜਾਂਦਾ ਹੈ, ਦੁਆਰ ਪੂਜਾ ਹੁੰਦੀ ਹੈ, ਰਵਾਇਤੀ ਗੀਤਾਂ ਨਾਲ ਵਿਆਹ ਦੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ ਪਰ ਲਾੜੀ ਨਹੀਂ ਮਿਲਦੀ। ਪਿੰਡ ਨਰਗੜਾ 'ਚ ਆਯੋਜਿਤ ਇਸ ਵਿਆਹ 'ਚ ਲਾੜਾ ਵਿਸ਼ਵੰਭਰ ਦਿਆਲ ਮਿਸ਼ਰਾ ਸੀ, ਜਿਸ ਨੂੰ 42ਵੀਂ ਵਾਰ ਬਿਨਾਂ ਲਾੜੀ ਦੇ ਘਰ ਪਰਤਣਾ ਪਿਆ। ਹੈਰਾਨ ਨਾ ਹੋਵੋ, ਇਹ ਕੋਈ ਅਸਲੀ ਵਿਆਹ ਨਹੀਂ ਸੀ, ਸਗੋਂ ਇਸ ਪਿੰਡ ਵਿੱਚ ਸੈਂਕੜੇ ਸਾਲਾਂ ਤੋਂ ਚੱਲੀ ਆ ਰਹੀ ਲੋਕ ਪਰੰਪਰਾ ਸੀ।

ਇਸ ਵਿੱਚ ਨਰਗੜਾ ਦੇ ਦਰਜਨਾਂ ਪਿੰਡਾਂ ਦੇ ਲੋਕ ਬੜੇ ਹੀ ਉਤਸ਼ਾਹ ਨਾਲ ਭਾਗ ਲੈਂਦੇ ਹਨ ਅਤੇ ਵਿਆਹ ਦੇ ਮਹਿਮਾਨ ਬਣਦੇ ਹਨ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੀਰੀ ਦੇ ਈਸਾਨਗਰ ਦੇ ਮਾਜਰਾ ਨਰਗੜਾ ਦੀ। ਹੋਲੀ ਵਾਲੇ ਦਿਨ ਇੱਥੇ ਹੋਣ ਵਾਲੇ ਇਸ ਸਮਾਗਮ ਵਿੱਚ ਰੰਗਾਂ ਵਿੱਚ ਰੰਗੇ ਵਿਆਹ ਦੇ ਸਾਰੇ ਬਾਰਾਤੀ ਟਰੈਕਟਰ-ਟਰਾਲੀ ਅਤੇ ਹੋਰ ਵਾਹਨਾਂ 'ਤੇ ਸਵਾਰ ਲਾੜੇ ਦੇ ਨਾਲ-ਨਾਲ ਨੱਚਦੇ-ਗਾਉਂਦੇ ਪੂਰੀ ਤਿਆਰੀ ਨਾਲ ਨਿਕਲਦੇ ਹਨ। ਜਦੋਂ ਬਾਰਾਤ ਲਾੜੀ ਦੇ ਬੂਹੇ 'ਤੇ ਪਹੁੰਚਦੀ ਹੈ, ਤਾਂ ਲੋਕ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਦੇ ਹਨ। ਪਰੰਪਰਾ ਅਨੁਸਾਰ ਔਰਤਾਂ ਮੰਗਲਗੀਤ ਗਾਉਂਦੀਆਂ ਹਨ।

ਇੱਕੋ ਪਰਿਵਾਰ ਤੋਂ ਲਾੜਾ ਬਣਨ ਦਾ ਰਿਵਾਜ
ਇਸ ਤੋਂ ਬਾਅਦ ਮੰਡਪ ਵਿੱਚ ਵਿਆਹ ਦੀਆਂ ਰਸਮਾਂ ਆਮ ਵਿਆਹਾਂ ਵਾਂਗ ਹੀ ਨਿਭਾਈਆਂ ਜਾਂਦੀਆਂ ਹਨ। ਲਾੜਾ-ਲਾੜੀ ਦੇ ਫੇਰੇ ਹੁੰਦੇ ਹਨ, ਪਰ ਲਾੜਾ ਲਾੜੀ ਤੋਂ ਬਿਨਾਂ ਬਾਰਾਤ ਨਾਲ ਵਾਪਸ ਪਰਤਦਾ ਹੈ। ਇਸ ਬਾਰਾਤ 'ਚ 42ਵੀਂ ਵਾਰ ਲਾੜਾ ਬਣੇ ਵਿਸ਼ਵੰਭਰ ਦਿਆਲ ਮਿਸ਼ਰਾ ਦਾ ਕਹਿਣਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦਾ ਵੱਡਾ ਭਰਾ ਸ਼ਿਆਮ ਬਿਹਾਰੀ ਇਸ ਬਾਰਾਤ 'ਚ ਲਾੜਾ ਬਣਦਾ ਸੀ। ਇਸ ਵਿਆਹ-ਸ਼ਾਦੀ ਵਿੱਚ ਸੈਂਕੜੇ ਸਾਲਾਂ ਤੋਂ ਇੱਕੋ ਪਰਿਵਾਰ ਦੇ ਮੈਂਬਰ ਲਾੜੇ ਬਣਦੇ ਆ ਰਹੇ ਹਨ। ਇਸ ਪਿੰਡ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਲੋਕ ਵਿਆਹ ਵਿੱਚ ਮਹਿਮਾਨ ਬਣਦੇ ਹਨ।

ਪਹਿਲਾਂ ਵੱਡਾ ਭਰਾ ਬਣਦਾ ਸੀ ਲਾੜਾ
ਇਸੇ ਰਵਾਇਤ ਤਹਿਤ ਲਾੜੇ ਦਾ ਸਹੁਰਾ ਘਰ ਵੀ ਪਿੰਡ ਵਿੱਚ ਹੀ ਹੁੰਦਾ ਹੈ। ਇਤਫ਼ਾਕ ਦੀ ਗੱਲ ਹੈ ਕਿ 42 ਵਾਰ ਲਾੜਾ ਬਣੇ ਵਿਸ਼ਵੰਭਰ ਦਿਆਲ ਮਿਸ਼ਰਾ ਦਾ ਵੀ ਪਿੰਡ ਦੇ ਅੰਦਰ ਹੀ ਸਹੁਰਾ ਪਰਿਵਾਰ ਹੈ। ਪਰੰਪਰਾ ਅਨੁਸਾਰ ਹੋਲੀ ਤੋਂ ਪਹਿਲਾਂ ਉਸ ਦੀ ਪਤਨੀ ਮੋਹਿਨੀ ਨੂੰ ਆਪਣੇ ਪੇਕੇ ਘਰ ਬੁਲਾਇਆ ਜਾਂਦਾ ਹੈ ਅਤੇ ਫਿਰ ਵਿਆਹ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਕੁਝ ਦਿਨਾਂ ਬਾਅਦ ਮੋਹਿਨੀ ਨੂੰ ਉਸ ਦੇ ਸਹੁਰੇ ਘਰ ਭੇਜ ਦਿੱਤਾ ਜਾਂਦਾ ਹੈ। ਵਿਸ਼ਵੰਭਰ ਦਿਆਲ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਤੋਂ ਪਹਿਲਾਂ ਉਨ੍ਹਾਂ ਦਾ ਭਰਾ ਲਾੜਾ ਬਣਦਾ ਸੀ। ਉਨ੍ਹੀਂ ਦਿਨੀਂ ਉਹ ਮੱਝ 'ਤੇ ਸਵਾਰ ਹੋ ਕੇ ਬਾਰਾਤ 'ਤੇ ਜਾਂਦਾ ਸੀ। ਸਥਾਨਕ ਲੋਕਾਂ ਅਨੁਸਾਰ ਸਮੇਂ ਦੇ ਨਾਲ ਅੱਜ ਦੇ ਵਿਆਹਾਂ ਵਿੱਚ ਕਾਫੀ ਬਦਲਾਅ ਆਇਆ ਹੈ ਪਰ ਹੋਲੀ ਵਾਲੇ ਦਿਨ ਹੋਣ ਵਾਲਾ ਇਹ ਅਨੋਖਾ ਵਿਆਹ ਪੁਰਾਣੀ ਰਵਾਇਤ ਅਨੁਸਾਰ ਕਰਵਾਇਆ ਜਾਂਦਾ ਹੈ।


author

Inder Prajapati

Content Editor

Related News