ਪੁਲਵਾਮਾ ਹਮਲੇ ਨੂੰ ਲੈ ਕੇ ਮੋਦੀ ਸਰਕਾਰ ਨੇ 5 ਹੁਰੀਅਤ ਨੇਤਾਵਾਂ ਦੀ ਸੁਰੱਖਿਆ ਲਈ ਵਾਪਸ
Sunday, Feb 17, 2019 - 05:43 PM (IST)
ਨਵੀਂ ਦਿੱਲੀ-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਨੇ ਵੱਡਾ ਫੈਸਲਾ ਲਿਆ ਹੈ। ਜੰਮੂ ਅਤੇ ਕਸ਼ਮੀਰ ਦੇ 5 ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ 'ਚ ਕੈਬਨਿਟ ਕਮੇਟੀ ਆਨ ਸਕਿਓਰਿਟੀ (ਸੀ. ਸੀ. ਐੱਸ.) ਦੀ ਬੈਠਕ 'ਚ ਹੁਰੀਅਤ ਨੇਤਾਵਾਂ ਦੀ ਸੁਰੱਖਿਆ ਵਾਪਸ ਲੈਣ ਦਾ ਆਦੇਸ਼ ਦਿੱਤਾ ਗਿਆ ਸੀ।ਮਾਹਰਾਂ ਮੁਤਾਬਕ ਅੱਜ ਸ਼ਾਮ ਤੱਕ ਕਸ਼ਮੀਰੀ ਵੱਖਵਾਦੀ ਤੋਂ ਸਰਕਾਰੀ ਗੱਡੀਆਂ ਅਤੇ ਸੁਰੱਖਿਆ ਵਾਪਸ ਲੈ ਲਈ ਜਾਵੇਗੀ, ਜਿਨ੍ਹਾਂ ਨੇਤਾਵਾਂ ਤੋਂ ਸਾਰੀ ਸਹੂਲਤਾਵਾਂ ਵਾਪਸ ਲਈਆ ਜਾ ਰਹੀਆਂ ਹਨ, ਉਨ੍ਹਾਂ 'ਚ ਮੀਰਵਾਇਜ਼ ਉਮਰ ਫਾਰੁਖ, ਅਬਦੁੱਲ ਗਨੀ ਭੱਟ, ਬਿਲਾਲ ਲੋਨ, ਹਾਸ਼ਿਮ ਕੁਰੈਸ਼ੀ ਅਤੇ ਸ਼ਾਬਬੀਰ ਸ਼ਾਹ ਦੇ ਨਾਂ ਸ਼ਾਮਿਲ ਹਨ। ਗ੍ਰਹਿਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨ ਅਤੇ ਆਈ. ਐੱਸ. ਆਈ. ਤੋਂ ਆਰਥਿਕ ਮਦਦ ਲੈਣ ਵਾਲਿਆਂ ਦੀ ਸਰਕਾਰੀ ਸੁਰੱਖਿਆ 'ਤੇ ਵੀ ਨਵੇਂ ਸਿਰਿਓ ਵਿਚਾਰ ਕੀਤਾ ਜਾਵੇਗਾ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਾਟੀ 'ਚ ਭਾਰਤ ਦੇ ਖਿਲਾਫ ਦੁਰ-ਪ੍ਰਚਾਰ ਕਰਨ ਅਤੇ ਜ਼ਹਿਰ ਘੋਲਣ ਵਾਲੇ ਵੱਖਵਾਦੀ ਨੇਤਾਵਾਂ ਦੀ ਸੁਰੱਖਿਆ 'ਤੇ ਸਰਕਾਰ ਸਾਲਾਨਾ ਲਗਭਗ 10 ਕਰੋੜ ਰੁਪਏ ਖਰਚ ਕਰ ਰਹੀ ਹੈ। ਇਕ ਵੱਖਵਾਦੀ ਨੇਤਾ 'ਤੇ 20 ਤੋਂ ਲੈ ਕੇ 25 ਸੁਰੱਖਿਆ ਕਰਮਚਾਰੀ ਦਿਨ ਰਾਤ ਅਲਰਟ ਰਹਿੰਦੇ ਹਨ। 1 ਅਪ੍ਰੈਲ 2015 ਨੂੰ ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਆਪਣੀ ਇਕ ਰਿਪੋਰਟ 'ਚ ਖੁਲਾਸਾ ਕੀਤਾ ਹੈ ਕਿ ਸਰਕਾਰ ਨੇ ਕਸ਼ਮੀਰ ਦੇ ਵੱਖਵਾਦੀ ਨੇਤਾਵਾਂ ਸਮੇਤ ਸੂਬੇ ਦੇ ਕੁੱਲ 1,472 ਰਾਜਨੀਤਿਕ ਵਰਕਰਾਂ ਦੀ ਸੁਰੱਖਿਆ 'ਚ 506.75 ਕਰੋੜ ਰੁਪਏ ਖਰਚ ਕਰ ਦਿੱਤੇ। ਹੁਰੀਅਤ ਨੇਤਾ ਬੱਟ ਦੀ ਸੁਰੱਖਿਆ 'ਤੇ ਇਕ ਦਹਾਕੇ 'ਚ ਲਗਭਗ ਢਾਈ ਕਰੋੜ ਰੁਪਏ ਅਤੇ ਅੱਬਾਸ ਅੰਸਾਰੀ 'ਤੇ 3 ਕਰੋੜ ਰੁਪਏ ਖਰਚ ਹੋਏ ਹਨ।
ਵਿਧਾਨ ਸਭਾ 'ਚ ਪੇਸ਼ ਕੀਤੇ ਅੰਕੜਿਆ ਮੁਤਾਬਕ ਸ਼੍ਰੀਨਗਰ 'ਚ ਸਭ ਤੋਂ ਜ਼ਿਆਦਾ 804 ਰਾਜਨੀਤਿਕ ਵਰਕਰ ਹਨ ਪਰ ਜੰਮੂ ਖੇਤਰ 'ਚ 637 ਅਤੇ ਲੱਦਾਖ ਖੇਤਰ 'ਚ 31 ਨੇਤਾ ਸ਼ਾਮਿਲ ਹਨ। ਮਾਹਰਾਂ ਮੁਤਾਬਕ 440 ਰਾਜਨੀਤਿਕ ਵਰਕਰਾਂ 'ਚ 294 ਗੈਰ-ਰਾਖਵੇਂ ਰਾਜਨੀਤਿਕ ਵਰਕਰ ਸ਼ਾਮਿਲ ਹਨ, ਜਿਨ੍ਹਾਂ ਨੂੰ ਹੋਟਲ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ।