ਬੰਗਲਾਦੇਸ਼ ''ਚ ਹਲਾਤ ''ਤੇ ਸਰਕਾਰ ਦੀ ਨਜ਼ਰ, ਸਰਹੱਦ ''ਤੇ ਸੁਰੱਖਿਆ ਫੋਰਸ ਚੌਕਸ: ਜੈਸ਼ੰਕਰ

Tuesday, Aug 06, 2024 - 04:18 PM (IST)

ਬੰਗਲਾਦੇਸ਼ ''ਚ ਹਲਾਤ ''ਤੇ ਸਰਕਾਰ ਦੀ ਨਜ਼ਰ, ਸਰਹੱਦ ''ਤੇ ਸੁਰੱਖਿਆ ਫੋਰਸ ਚੌਕਸ: ਜੈਸ਼ੰਕਰ

ਨਵੀਂ ਦਿੱਲੀ- ਬੰਗਲਾਦੇਸ਼ ਵਿਚ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਫੌਜ ਨੇ ਦੇਸ਼ ਦੀ ਕਮਾਨ ਸੰਭਾਲ ਲਈ ਹੈ। ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਦਰਮਿਆਨ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਇੱਥੇ ਸਿਆਸੀ ਘਟਨਾਕ੍ਰਮ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਜਦੋਂ ਤੱਕ ਇੱਥੇ ਕਾਨੂੰਨ ਵਿਵਸਥਾ ਦੀ ਸਥਿਤੀ ਆਮ ਨਹੀਂ ਹੋ ਜਾਂਦੀ ਭਾਰਤ ਦੀ ਡੂੰਘੀ ਚਿੰਤਾ ਬਣੇ ਰਹੇਗੀ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਦਾ ਸਿਆਸੀ ਘਟਨਾਕ੍ਰਮ ਚਿੰਤਾ ਦਾ ਵਿਸ਼ਾ ਹੈ ਅਤੇ ਅਸੀਂ ਆਪਣੇ ਡਿਪਲੋਮੈਟਿਕ ਮਿਸ਼ਨਾਂ ਰਾਹੀਂ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਨਾਲ ਲਗਾਤਾਰ ਸੰਪਰਕ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਉਥੇ 19 ਹਜ਼ਾਰ ਭਾਰਤੀ ਨਾਗਰਿਕ ਹਨ, ਜਿਨ੍ਹਾਂ 'ਚੋਂ 9 ਹਜ਼ਾਰ ਦੇ ਕਰੀਬ ਵਿਦਿਆਰਥੀ ਹਨ ਅਤੇ ਇਨ੍ਹਾਂ 'ਚੋਂ ਕਈ ਵਿਦਿਆਰਥੀ ਜੁਲਾਈ 'ਚ ਘਰ ਪਰਤ ਆਏ ਸਨ।

ਇਹ ਵੀ ਪੜ੍ਹੋ- Bangladesh ਦੀ PM ਹੀ ਨਹੀਂ, ਇਨ੍ਹਾਂ ਦੇਸ਼ਾਂ ਦੇ ਮੁਖੀਆਂ ਨੇ ਵੀ ਤਖਤਾਪਲਟ ਮਗਰੋਂ ਛੱਡਿਆ ਆਪਣਾ ਦੇਸ਼

ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਵਿਚ ਘੱਟ ਗਿਣਤੀਆਂ ਦੀ ਸਥਿਤੀ 'ਤੇ ਵੀ ਨਜ਼ਰ ਰੱਖ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਰਹੱਦਾਂ 'ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਬੰਗਲਾਦੇਸ਼ 'ਚ ਗੁੰਝਲਦਾਰ ਸਥਿਤੀ ਦੇ ਮੱਦੇਨਜ਼ਰ ਖਾਸ ਤੌਰ 'ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਰਤ ਪਿਛਲੇ 24 ਘੰਟਿਆਂ ਤੋਂ ਢਾਕਾ ਵਿਚ ਅਧਿਕਾਰੀਆਂ ਨਾਲ ਸੰਪਰਕ ਵਿਚ ਹੈ। ਬੰਗਲਾਦੇਸ਼ ਵਿਚ ਵਾਪਰੀਆਂ ਘਟਨਾਵਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 5 ਅਗਸਤ ਨੂੰ ਢਾਕਾ ਵਿਚ ਕਰਫਿਊ ਲਾਗੂ ਹੋਣ ਦੇ ਬਾਵਜੂਦ ਪ੍ਰਦਰਸ਼ਨਕਾਰੀ ਵੱਡੀ ਗਿਣਤੀ ਵਿਚ ਸੜਕਾਂ ’ਤੇ ਇਕੱਠੇ ਹੋਏ। ਜੈਸ਼ੰਕਰ ਨੇ ਕਿਹਾ ਕਿ ਬੰਗਲਾਦੇਸ਼ 'ਚ 4 ਅਗਸਤ ਨੂੰ ਸਥਿਤੀ ਨੇ ਗੰਭੀਰ ਰੂਪ ਲੈ ਲਿਆ ਅਤੇ ਪੁਲਸ ਸਟੇਸ਼ਨਾਂ ਅਤੇ ਸਰਕਾਰੀ ਅਦਾਰਿਆਂ 'ਤੇ ਹਮਲੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਹਿੰਸਾ ਨੇ ਵਿਆਪਕ ਰੂਪ ਲੈ ਲਿਆ। ਸਰਕਾਰ ਵਿਚ ਸ਼ਾਮਲ ਲੋਕਾਂ ਦੀਆਂ ਜਾਇਦਾਦਾਂ ਉੱਤੇ ਦੇਸ਼ ਭਰ ਵਿਚ ਹਮਲੇ ਹੋਣੇ ਸ਼ੁਰੂ ਹੋ ਗਏ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਖਾਸ ਚਿੰਤਾ ਦਾ ਵਿਸ਼ਾ ਹੈ ਕਿ ਘੱਟ ਗਿਣਤੀਆਂ, ਉਨ੍ਹਾਂ ਦੇ ਵਪਾਰਕ ਅਦਾਰਿਆਂ ਅਤੇ ਮੰਦਰਾਂ 'ਤੇ ਵੀ ਕਈ ਥਾਵਾਂ 'ਤੇ ਹਮਲੇ ਹੋਏ। ਇਨ੍ਹਾਂ ਹਮਲਿਆਂ ਦੇ ਪੂਰੇ ਵੇਰਵੇ ਅਜੇ ਸਪੱਸ਼ਟ ਨਹੀਂ ਹਨ।

ਇਹ ਵੀ ਪੜ੍ਹੋ-  ਸ਼ੇਖ ਹਸੀਨਾ ਨੇ ਗੁਆਈ ਸੱਤਾ, ਜਾਣੋ ਬੰਗਲਾਦੇਸ਼ 'ਚ ਤਖ਼ਤਾਪਲਟ ਦੇ ਵੱਡੇ ਕਾਰਨ

ਜੈਸ਼ੰਕਰ ਨੇ ਕਿਹਾ ਕਿ ਇਸ ਸਾਲ ਜਨਵਰੀ ਵਿਚ ਹੋਈਆਂ ਚੋਣਾਂ ਤੋਂ ਬਾਅਦ ਬੰਗਲਾਦੇਸ਼ ਵਿਚ ਤਣਾਅ ਵਧ ਗਿਆ ਸੀ ਅਤੇ ਉੱਥੇ ਸਿਆਸਤ 'ਚ ਧਰੁਵੀਕਰਨ ਅਤੇ ਵੰਡ ਡੂੰਘੀ ਹੋਣੀ ਸ਼ੁਰੂ ਹੋ ਗਈ ਸੀ। ਹਿੰਸਾ ਦੀਆਂ ਘਟਨਾਵਾਂ ਵਧਣੀਆਂ ਸ਼ੁਰੂ ਹੋ ਗਈਆਂ, ਸਰਕਾਰੀ ਇਮਾਰਤਾਂ 'ਤੇ ਹਮਲੇ ਹੋਏ, ਸੜਕੀ ਅਤੇ ਰੇਲ ਮਾਰਗਾਂ 'ਤੇ ਵਿਘਨ ਪਿਆ। ਇਹ ਹਿੰਸਾ ਜੁਲਾਈ ਵਿਚ ਵੀ ਜਾਰੀ ਰਹੀ। ਵਿਦੇਸ਼ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਦੌਰਾਨ ਅਸੀਂ ਬਰਾਬਰ ਸੰਜਮ ਵਰਤਣ ਦੀ ਸਲਾਹ ਦਿੱਤੀ ਅਤੇ ਤਾਕੀਦ ਕੀਤੀ ਕਿ ਗੱਲਬਾਤ ਰਾਹੀਂ ਸਥਿਤੀ ਨੂੰ ਆਮ ਬਣਾਇਆ ਜਾਵੇ। ਅਸੀਂ ਵੱਖ-ਵੱਖ ਸਿਆਸੀ ਸ਼ਕਤੀਆਂ ਨੂੰ ਵੀ ਇਸੇ ਤਰ੍ਹਾਂ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਨਾਲ ਸਾਡਾ ਸੰਪਰਕ ਸੀ। 21 ਜੁਲਾਈ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਜਨਤਕ ਪ੍ਰਦਰਸ਼ਨਾਂ ਵਿਚ ਕੋਈ ਕਮੀ ਨਹੀਂ ਆਈ। ਉਸ ਤੋਂ ਬਾਅਦ ਉਥੋਂ ਦੀ ਸਰਕਾਰ ਦੇ ਫੈਸਲਿਆਂ ਅਤੇ ਕਾਰਵਾਈਆਂ ਕਾਰਨ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜਦੇ ਗਏ ਅਤੇ ਅੰਦੋਲਨ ਅਜਿਹੇ ਮੋਡ 'ਤੇ ਪਹੁੰਚ ਗਿਆ, ਜਿੱਥੇ ਇਕੋ ਇਕ ਮੰਗ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬੰਗਲਾਦੇਸ਼ ਵਿੱਚ ਹਿੰਸਾ ਅਤੇ ਅਸਥਿਰਤਾ ਬਾਰੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਦੀਆਂ ਸਾਂਝੀਆਂ ਚਿੰਤਾਵਾਂ ਹਨ।

ਇਹ ਵੀ ਪੜ੍ਹੋ- 'ਰੱਦ ਹੋ ਗਈਆਂ ਸਾਰੀਆਂ ਟਰੇਨਾਂ', ਬੰਗਲਾਦੇਸ਼ 'ਚ ਵਿਗੜੇ ਹਲਾਤਾਂ ਵਿਚਾਲੇ ਭਾਰਤ ਸਰਕਾਰ ਦਾ ਫ਼ੈਸਲਾ


author

Tanu

Content Editor

Related News