ਸਾਊਦੀ ''ਚ ਭਾਰਤੀ ਹੱਜ ਯਾਤਰੀਆਂ ਨਾਲ ਵਾਪਰੇ ਭਿਆਨਕ ਹਾਦਸੇ ''ਤੇ ਐੱਸ. ਜੈਸ਼ੰਕਰ ਨੇ ਜਤਾਇਆ ਦੁੱਖ
Monday, Nov 17, 2025 - 11:20 AM (IST)
ਨੈਸ਼ਨਲ ਡੈਸਕ- ਸਾਊਦੀ ਅਰਬ 'ਚ ਹੱਜ ਯਾਤਰਾ 'ਤੇ ਗਏ ਭਾਰਤੀ ਨਾਗਰਿਕਾਂ ਨਾਲ ਵਾਪਰੇ ਭਿਆਨਕ ਹਾਦਸੇ ਮਗਰੋਂ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਡੂੰਘਾ ਦੁੱਖ ਪ੍ਰਗਟਾਇਆ ਹੈ।
ਉਨ੍ਹਾਂ ਨੇ 'ਐਕਸ' 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ''ਸਾਊਦੀ ਅਰਬ 'ਚ ਭਾਰਤੀ ਨਾਗਰਿਕਾਂ ਨਾਲ ਵਾਪਰੇ ਭਿਆਨਕ ਹਾਦਸੇ ਬਾਰੇ ਜਾਣ ਕੇ ਕਾਫ਼ੀ ਸਦਮਾ ਲੱਗਾ ਹੈ। ਰਿਆਧ ਸਥਿਤ ਸਾਡੀ ਅੰਬੈਸੀ ਤੇ ਜੇੱਦਾਹ 'ਚ ਸਾਡੇ ਰਾਜਦੂਤ ਪੀੜਤ ਨਾਗਰਿਕਾਂ ਦਾ ਪੂਰਾ ਸਾਥ ਦੇ ਰਹੇ ਹਨ।''

ਉਨ੍ਹਾਂ ਅੱਗੇ ਪੀੜਤ ਪਰਿਵਾਰਾਂ ਨਾਲ ਦੁੱਖ ਜਤਾਇਆ ਤੇ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 1.30 ਵਜੇ ਹੈਦਰਾਬਾਦ ਤੇ ਤੇਲੰਗਾਨਾ ਤੋਂ ਹੱਜ ਯਾਤਰਾ ਲਈ ਗਏ ਭਾਰਤੀ ਨਾਗਰਿਕਾਂ ਦੀ ਬੱਸ ਇਕ ਡੀਜ਼ਲ ਟੈਂਕਰ ਨਾਲ ਜਾ ਟਕਰਾਈ, ਜਿਸ ਕਾਰਨ 40 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਤੇ ਪੀੜਤਾਂ ਨੂੰ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ।
